ਲਾਸ ਵੇਗਾਸ : ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜਦੋਂ ਤਕ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ, ਉਦੋਂ ਤਕ ਦੇਸ਼ ਦੀ ਸੁਰੱਖਿਆ ਤੇ ਉਸ ਦਾ ਭਵਿਖ ਖ਼ਤਰੇ ‘ਚ ਹੈ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਲਈ ਦਾਅਵੇਦਾਰ ਬਿਡੇਨ ਨੇ ਕਿਹਾ ਕਿ ਜਦੋਂ ਤਕ ਟਰੰਪ ਇੱਥੇ ਹਨ, ਉਦੋਂ ਤਕ ਦੇਸ਼ ਲਈ ਅਸੀਂ ਜਿਸ ਗੱਲ ਤੇ ਜਿਨ੍ਹਾਂ ਮਸਲਿਆਂ ਦੀ ਚਿੰਤਾ ਕਰਦੇ ਹਾਂ, ਉਨ੍ਹਾਂ ਬਾਰੇ ਬੇਭਰੋਸਗੀ ਰਹੇਗੀ। ਨੇਵਾਦਾ ਡੈਮੋਕ੍ਰੇਟਿਕ ਪਾਰਟੀ ਕਾਕਸ ਲਈ 100 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਬਿਡੇਨ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਬਣਨ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ। ਲਾਸ ਵੇਗਾਸ ‘ਚ ਇਕ ਪ੍ਰਚਾਰ ਮੁਹਿੰਮ ‘ਚ ਬਿਡੇਨ ਨੇ ਗ਼ਰੀਬੀ ਨਾਲ ਜੁੜੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਘੱਟੋ-ਘੱਟ ਤਨਖ਼ਾਹ 15 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਮੁੱਢਲੇ ਸਕੂਲ ਦੇ ਇਕ ਵਿਦਿਆਰਥੀ ਵੱਲੋਂ ਸਿਹਤ ਦੀ ਦੇਖਭਾਲ ਸਬੰਧੀ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਸਾਰਿਆਂ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਡੀਕੇਅਰ ਫਾਰ ਆਲ ਇਕ ਬਿਹਤਰੀਨ ਵਿਚਾਰ ਹੈ, ਪਰ ਜੇਕਰ ਤੁਹਾਨੂੰ ਕੋਈ ਦੱਸਦਾ ਹੈ ਕਿ ਉਹ ਤੁਹਾਨੂੰ ਦੇਣ ਜਾ ਰਿਹਾ ਹੈ ਤਾਂ ਇਸ ‘ਚ 10 ਸਾਲ ਲੱਗਣਗੇ, ਇਸ ਲਈ ਦੋ ਵਾਰ ਸੋਚੋ। ਓਧਰ ਸੂਬੇ ‘ਚ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਮੁਖੀ ਐਡਮ ਲਕਜ਼ਾਲਟ ਨੇ ਬਿਡੇਨ ਬਾਰੇ ਕਿਹਾ ਕਿ 2020 ‘ਚ ਵੋਟਰ ਬਿਡੇਨ ਤੇ ਅਮਰੀਕਾ ਲਈ ਡੈਮੋਕ੍ਰੇਟਿਕ ਕਾਫ਼ੀ ਉਦਾਰਵਾਦੀ ਨਜ਼ਰੀਏ ਨੂੰ ਨਕਾਰਨਗੇ ਤੇ ਇਸ ਦੀ ਬਜਾਏ ਸੁਤੰਤਰਤਾ ਤੇ ਆਰਥਿਕ ਵਿਕਾਸ ਨੂੰ ਚੁਣਨਗੇ।
World ਜਦੋਂ ਤਕ ਟਰੰਪ ਰਾਸ਼ਟਰਪਤੀ, ਅਮਰੀਕਾ ਦੀ ਸੁਰੱਖਿਆ ਖ਼ਤਰੇ ‘ਚ : ਬਿਡੇਨ