ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ

ਅੰਮ੍ਰਿਤਸਰ– ਨਵੇਂ ਵਰ੍ਹੇ 2020-21 ਸੰਮਤ 552 ਵਾਸਤੇ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸੰਗਤਾਂ ਗੁਰਪੁਰਬ ਤੇ ਹੋਰ ਦਿਨ ਤਿਉਹਾਰ ਇਸ ਕੈਲੰਡਰ ਅਨੁਸਾਰ ਹੀ ਮਨਾਉਣ। ਇਹ ਕੈਲੰਡਰ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੰਗਤ ਨੂੰ ਅਰਪਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਕੈਲੰਡਰ ਰਿਲੀਜ਼ ਕਰਨ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ। ਕੈਲੰਡਰ ਵਿਵਾਦ ਦੇ ਭੰਬਲਭੂਸੇ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਤੋਂ ਯਤਨ ਕੀਤਾ ਜਾਵੇਗਾ ਕਿ ਸਮੁੱਚੀ ਸਿੱਖ ਸੰਗਤ ਸਾਰੇ ਦਿਨ ਤਿਉਹਾਰ ਇਕੋ ਦਿਨ ਅਤੇ ਇਕਜੁੱਟਤਾ ਨਾਲ ਮਨਾਵੇ। ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਸਿੱਖ ਕੌਮ ਦਾ ਇਕੋ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਮੁਤਾਬਕ ਸਾਰੇ ਇਕੱਠੇ ਹੋ ਕੇ ਗੁਰਪੁਰਬ ਆਦਿ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ। ਉਨ੍ਹਾਂ ਆਖਿਆ ਕਿ ਕੈਲੰਡਰ ਵਿਵਾਦ ਤੇ ਹੋਰ ਮਸਲਿਆਂ ਨੂੰ ਸੰਵਾਦ ਰਾਹੀਂ ਹੱਲ ਕੀਤਾ ਜਾਵੇਗਾ। ਇਸ ਸਬੰਧੀ ਜਲਦੀ ਹੀ ਯਤਨ ਕੀਤੇ ਜਾਣਗੇ।
ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਛੇ ਪੰਨਿਆਂ ਦੇ ਇਸ ਕੈਲੰਡਰ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ, ਵਿੱਦਿਅਕ ਅਦਾਰਿਆਂ, ਗੁਰਮਤਿ ਵਿਦਿਆਲਿਆਂ, ਮਿਸ਼ਨਰੀ ਕਾਲਜਾਂ, ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਦੀਆਂ ਇਮਾਰਤਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ। ਹਰ ਪੰਨੇ ’ਤੇ ਦੋ-ਦੋ ਮਹੀਨਿਆਂ ਦਾ ਵੇਰਵਾ ਦਰਜ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੀ ਦਲ ਖਾਲਸਾ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ’ਤੇ ਆਧਾਰਿਤ ਨਵੇਂ ਵਰ੍ਹੇ ਦਾ ਕੈਲੰਡਰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਤੋਂ ਜਾਰੀ ਕੀਤਾ ਗਿਆ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵਲੋਂ ਜਾਰੀ ਕਰਨ ਤੋਂ ਰੋਕਣ ਦਾ ਯਤਨ ਵੀ ਕੀਤਾ ਗਿਆ ਸੀ। ਦਲ ਖਾਲਸਾ ਵਲੋਂ ਇਹੀ ਕੈਲੰਡਰ ਭਲਕੇ ਪਾਕਿਸਤਾਨ ਵਿਚ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਵਲੋਂ ਵੀ ਜਾਰੀ ਕੀਤਾ ਜਾਵੇਗਾ।
ਇਸ ਮੌਕੇ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ ਹਾਜ਼ਰ ਸਨ।

Previous articleਸਰਕਾਰ ਸੰਸਦ ਦਾ ਸੈਸ਼ਨ ਘਟਾਉਣ ਬਾਰੇ ਸੋਚੇ: ਹਰਸਿਮਰਤ
Next articleਦਿੱਲੀ ਕਮੇਟੀ ਦੀਆਂ ਚੋਣਾਂ ਪੰਜਾਬ ਦੀ ਸਿਆਸਤ ਦਾ ਏਜੰਡਾ ਤੈਅ ਕਰਨਗੀਆਂ: ਜੀਕੇ