ਜਥੇਦਾਰ ਵੱਲੋਂ ਸੰਗਤ ਨੂੰ ਸਵੇਰ-ਸ਼ਾਮ ਅੱਧਾ ਘੰਟਾ ਪਾਠ ਕਰਨ ਦੀ ਅਪੀਲ

ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਮੁੜ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਹਰ ਸਿੱਖ ਆਪਣੇ ਘਰ ਵਿਚ ਸਵੇਰੇ ਤੇ ਸ਼ਾਮ ਰੋਜ਼ਾਨਾ ਅੱਧਾ-ਅੱਧਾ ਘੰਟਾ ਪਾਠ ਕਰੇ ਅਤੇ ਸਮੁੱਚੀ ਮਨੁੱਖਤਾ ਦੀ ਸਲਾਮਤੀ ਵਾਸਤੇ ਅਰਦਾਸ ਕਰੇ। ਇਸ ਦੌਰਾਨ ਅੱਜ ਤੀਜੇ ਦਿਨ ਵੀ ਇੱਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਕੰਪਲੈਕਸ ਵਿਚ ਸ਼ਰਧਾਲੂਆਂ ਦੀ ਆਮਦ ਨਾ ਹੋਣ ਕਾਰਨ ਸੁੰਨ ਪੱਸਰੀ ਰਹੀ, ਜਦੋਂਕਿ ਗੁਰੂ ਘਰ ਦੀ ਅੰਦਰੂਨੀ ਮਰਿਆਦਾ ਨੂੰ ਕਾਇਮ ਰੱਖਿਆ ਗਿਆ।
ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ ਵੀਡੀਓ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਕੌਮ ਨੂੰ ਆਖਿਆ ਕਿ ਕਰੋਨਾਵਾਇਰਸ ਕਾਰਨ ਸਾਰਾ ਵਿਸ਼ਵ ਸੰਕਟ ਵਿਚ ਹੈ ਅਤੇ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਮੀਡੀਆ ਦਾ ਇਕ ਹਿੱਸਾ ਇਸ ਸਬੰਧੀ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਅਤੇ ਇਕ ਹਿੱਸਾ ਭੈਅਭੀਤ ਕਰਨ ਦਾ ਯਤਨ ਕਰ ਰਿਹਾ ਹੈ, ਜਿਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਦਸੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਣ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਵਿਸ਼ਵ ਵਿਚ ਵਸਦੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਇਸ ਸਕੰਟ ਦੇ ਸਮੇਂ ਹਰ ਸਿੱਖ ਰੋਜ਼ਾਨਾ ਸਵੇਰ 10 ਤੋਂ ਸਾਢੇ ਦਸ ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ ਸਾਢੇ ਪੰਜ ਵਜੇ ਤੱਕ ਪਾਠ ਜਾਂ ਗੁਰਮੰਤਰ ਜਾਂ ਵਾਹਿਗੁਰੂ ਦਾ ਜਾਪ ਕਰੇ ਤੇ ਮਗਰੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰੇ। ਇਸ ਦਾ ਹਰੇਕ ’ਤੇ ਚੰਗਾ ਅਸਰ ਹੋਵੇਗਾ। ਪਾਠ ਕਰਨ ਸਮੇਂ ਵੀ ਆਪਸ ਵਿਚ ਦੂਰੀ ਬਣਾ ਕੇ ਰੱਖੀ ਜਾਵੇ।

Previous articleਕਰਫਿਊ ਦਾ ਦੂਜਾ ਦਿਨ: ਆਖ਼ਰ ਪੁਲੀਸ ਨੇ ਵਰਤੀ ਸਖ਼ਤੀ
Next articleਭੀਲਵਾੜਾ ਨੂੰ ਇਟਲੀ ਬਣਨ ਤੋਂ ਰੋਕੇਗੀ ਰਾਜਸਥਾਨ ਸਰਕਾਰ