ਭਾਦਸੋਂ (ਸਮਾਜਵੀਕਲੀ)– ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 16ਵੀਂ ਬਰਸੀ ਅੱਜ ਪਿੰਡ ਟੌਹੜਾ ਵਿੱਚ ਉਨ੍ਹਾਂ ਦੇ ਘਰ ਵਿੱਚ ਹੀ ਸਾਦੇ ਢੰਗ ਨਾਲ ਮਨਾਈ ਗਈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਮਰਹੂਮ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦਾ ਸਾਰਾ ਜੀਵਨ ਸਮਾਜ ਦੀ ਭਲਾਈ ਲਈ ਗੁਜ਼ਰਿਆ।
ਸ੍ਰੀ ਧਰਮਸੋਤ ਮਰਹੂਮ ਆਗੂ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਰਧਾਂਜਲੀ ਅਰਪਿਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ’ਤੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਣਾ ਸੀ, ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪਰਿਵਾਰਕ ਮੈਂਬਰਾਂ ਅਤੇ ਪੰਜਾਬ ਸਰਕਾਰ ਦੀ ਤਰਫ਼ੋਂ ਉਨ੍ਹਾਂ ਨੇ ਹੀ ਸ੍ਰੀ ਟੌਹੜਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਇਸ ਮੌਕੇ ਜਥੇਦਾਰ ਟੌਹੜਾ ਨੂੰ ਯਾਦ ਕਰਦਿਆਂ ਸ੍ਰੀ ਧਰਮਸੋਤ ਨੇ ਕਿਹਾ ਕਿ ਅਜਿਹੇ ਲੋਹ ਪੁਰਸ਼ ਬਹੁਤ ਥੋੜ੍ਹੇ ਹਨ ਜਿਨ੍ਹਾਂ ਕੋਲ ਇੰਨੀ ਤਾਕਤ ਹੋਣ ਦੇ ਬਾਵਜੂਦ ਉਨ੍ਹਾਂ ਆਪਣਾ ਜੀਵਨ ਸਾਦਗੀ ਨਾਲ ਬਤੀਤ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣਾ ਸਮੁੱਚਾ ਜੀਵਨ ਸਿੱਖ ਕੌਮ ਦੇ ਲੇਖੇ ਲਾਇਆ ਹੈ ਅਤੇ ਲੰਬਾ ਸਮਾਂ ਐੱਸਜੀਪੀਸੀ ਦੇ ਪ੍ਰਧਾਨ ਰਹਿ ਕੇ ਸਿੱਖ ਕੌਮ ਦੀ ਸੇਵਾ ਕੀਤੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਘਰ ਕਰਵਾਏ ਸਹਿਜ ਪਾਠ ਦੇ ਭੋਗ ਮੌਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਜਥੇਦਾਰ ਟੌਹੜਾ ਪੰਥ ਨੂੰ ਹਮੇਸ਼ਾਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਤਤਪਰ ਰਹਿੰਦੇ ਸਨ। ਇਸ ਸਮੇਂ ਸ੍ਰੀ ਟੌਹੜਾ ਦੀ ਪੁੱਤਰੀ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।