• ਸਿੰਚਾਈ ਲਈ ਹੋਵੇਗੀ ਛੱਪੜਾਂ ਦੇ ਪਾਣੀ ਦੀ ਵਰਤੋਂ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਕਪੂਰਥਲਾ ਹਲਕੇ ਦੇ ਪਿੰਡਾਂ ਅੰਦਰ ਛੱਪੜਾਂ ਦਾ ਨਵੀਨੀਕਰਨ ਕਰਕੇ ਪਾਣੀ ਨੂੰ ਸਿੰਚਾਈ ਲਈ ਵਰਤਣ ਦੀ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ 7 ਕਰੋੜ 37 ਲੱਖ ਰੁਪੈ ਦੀ ਰਾਸ਼ੀ ਵਿਚੋਂ ਅੱਜ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ 3 ਪਿੰਡਾਂ ਨੂੰ 79.45 ਲੱਖ ਰੁਪੈ ਦੀ ਗਰਾਂਟ ਦੇ ਚੈਕ ਵੰਡੇ ਗਏ।
ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਜਿਨਾਂ ਪੰਚਾਇਤਾਂ ਨੂੰ ਗਰਾਂਟਾਂ ਦੀ ਵੰਡ ਕੀਤੀ ਗਈ ਉਨਾਂ ਵਿਚ ਬਡਿਆਲ ਨੂੰ 16.51 ਲੱਖ ਰੁਪੈ, ਤੋਗਾਂਵਾਲ ਨੂੰ 49 ਲੱਖ ਤੇ ਭਾਣੋ ਲੰਗਾ ਨੂੰ 13.94 ਲੱਖ ਦੀ ਗਰਾਂਟ ਸ਼ਾਮਿਲ ਹੈ।
ਤਿੰਨਾਂ ਪਿੰਡਾਂ ਅੰਦਰ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਹਲਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਨਿਵੇਕਲੇ ਪ੍ਰਾਜੈਕਟ ਲਈ ਇਸਦੀ ਚੋਣ ਕੀਤੀ ਗਈ ਹੈ, ਜਿਸ ਨਾਲ ਨਾ ਸਿਰਫ ਪਿੰਡਾਂ ਅੰਦਰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ ਸਗੋਂ ਜ਼ਮੀਨ ਹੇਠਲੇ ਪਾਣੀ ਨੂੰ ਵੀ ਗੰਦਾ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਯੋਜਨਾ ਤਹਿਤ ਛੱਪੜਾਂ ਦੀ ਰੀਲਾਈਨਿੰਗ ਕਰਕੇ ਉਨਾਂ ਨੂੰ ਮੱਛੀ ਪਾਲਣ ਤੇ ਸਿੰਚਾਈ ਲਈ ਵਰਤਿਆ ਜਾਵੇਗਾ। ਉਨਾਂ ਕਿਹਾ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਪਿੰਡਾਂ ਵਿਚ ਛੱਪੜਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
ਉਨਾਂ ਪੰਚਾਇਤਾਂ ਨੂੰ ਕਿਹਾ ਕਿ ਉਹ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਮੁਕੰਮਲਤਾ ਯਕੀਨੀ ਬਣਾਉਣ। ਇਸ ਮੌਕੇ ਕਪੂਰਥਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਸਰਪੰਚ ਗੁਰਪ੍ਰੀਤ ਸਿੰਘ ਗੋਪੀ, ਮਨਦੀਪ ਸਿੰਘ ਦੀਪੂ ਸਰਪੰਚ ਭਗਤਪੁਰ, ਸਰਪੰਚ ਦਲਜੀਤ ਸਿੰਘ ਬਡਿਆਲ, ਫਕੀਰ ਸਿੰਘ ਭਾਣੋਲੰਗਾ ਤੇ ਤੋਗਾਂਵਾਲਾ ਤੋਂ ਬਲਕਾਰ ਸਿੰਘ ਕਾਲਾ ਤੇ ਨੰਬਰਦਾਰ ਮਹਿੰਦਰ ਸਿੰਘ, ਮਨਿੰਦਰਪਾਲ ਸਿੰਘ ਕਾਲਾ ਸੰਘਿਆਂ ਸਰਪੰਚ, ਭਜਨ ਸਿੰਘ ਭਲਾਈਪੁਰ, ਮਨਜੀਤ ਸਿੰਘ ਭੰਡਾਲ, ਅਵਤਾਰ ਸਿੰਘ ਸੋਢੀ ਟਰਾਂਸਪੋਟਰ ਹਾਜ਼ਰ ਸਨ।