ਛੇਹਰਟਾ ਨੇੜੇ ਮੋਟਰਸਾਈਕਲਾਂ ’ਤੇ ਸਵਾਰ ਛੇ ਨੌਜਵਾਨਾਂ ਵਲੋਂ ਚਲਾਈ ਗੋਲੀ ਨਾਲ ਦੋ ਨਾਬਾਲਗ ਲੜਕੇ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਦੀ ਸ਼ਨਾਖਤ ਦੀਪਇੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਦੋਵੇਂ ਦਸਵੀਂ ਦੇ ਵਿਦਿਆਰਥੀ ਹਨ। ਇਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਵਾਸਤੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਇਨ੍ਹਾਂ ਦੀ ਹਾਲਤ ਸਥਿਰ ਦਸੀ ਗਈ ਹੈ। ਦੋਵਾਂ ਦੀਆਂ ਲੱਤਾਂ ’ਤੇ ਗੋਲੀ ਲੱਗੀ ਹੈ। ਗੋਲੀ ਚਲਾਉਣ ਮਗਰੋਂ ਨੌਜਵਾਨ ਫ਼ਰਾਰ ਹੋ ਗਏ। ਜ਼ਖ਼ਮੀ ਦੀਪਇੰਦਰ ਨੇ ਦੱਸਿਆ ਕਿ ਉਹ ਸੁਭਾਸ਼ ਰੋਡ ’ਤੇ ਆਪਣੇ ਘਰ ਕੋਲ ਖੜ੍ਹਾ ਸੀ। ਉਸ ਦੇ ਨਾਲ ਆਕਾਸ਼ਦੀਪ ਵੀ ਸੀ। ਇਸ ਦੌਰਾਨ ਛੇ ਨੌਜਵਾਨ ਆਏ ਅਤੇ ਉਨ੍ਹਾਂ ਨੇ ਉਥੇ ਨੇੜੇ ਹੀ ਖੜ੍ਹੇ ਕੁਝ ਮੁੰਡਿਆਂ ’ਤੇ ਗੋਲੀ ਚਲਾਈ, ਜਿਨ੍ਹਾਂ ’ਤੇ ਗੋਲੀ ਚਲਾਈ ਗਈ ਸੀ, ਉਹ ਤਾਂ ਬਚ ਗਏ ਪਰ ਉਹ ਦੋਵੇਂ ਗੋਲੀਆਂ ਦੀ ਜ਼ੱਦ ਵਿੱਚ ਆ ਗਏ। ਉਸ ਨੇ ਦਸਿਆ ਕਿ ਗੋਲੀ ਚਲਾਉਣ ਵਾਲਿਆਂ ਵਿਚੋਂ ਤਿੰਨ ਨੂੰ ਉਹ ਪਛਾਣਦਾ ਹੈ ਅਤੇ ਉਨ੍ਹਾਂ ਦੀ ਪਛਾਣ ਪੁਲੀਸ ਨੂੰ ਵੀ ਦੱਸੀ ਹੈ। ਇਹ ਤਿੰਨੋਂ ਨਰੈਣਗੜ੍ਹ ਦੇ ਹਨ। ਦੂਜੇ ਜ਼ਖ਼ਮੀ ਆਕਾਸ਼ਦੀਪ ਨੇ ਪੁਲੀਸ ਨੂੰ ਦਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਗੋਲੀ ਚਲਾਈ।
ਗੋਲੀ ਲੱਗਣ ਨਾਲ ਦੀਪਇੰਦਰ ਹੇਠਾਂ ਡਿੱਗ ਗਿਆ, ਜਦੋਂਕਿ ਉਹ ਕੰਧ ਟੱਪ ਕੇ ਭੱਜ ਗਿਆ ਸੀ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਖੁਦ ਦੀ ਲੱਤ ਵਿਚ ਵੀ ਗੋਲੀ ਲੱਗੀ ਹੈ। ਉਸ ਨੇ ਦਸਿਆ ਕਿ ਹਮਲਾ ਕਰਨ ਆਏ ਨੌਜਵਾਨਾਂ ਨੇ ਪੰਜ ਗੋਲੀਆਂ ਚਲਾਈਆਂ। ਇਹ ਦੋਵੇਂ ਨਾਬਾਲਗ ਮੁੰਡੇ ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੇ ਗੋਲੀ ਚਲਾਉਣ ਵਾਲੇ ਕੁਝ ਨੌਜਵਾਨਾਂ ਦੇ ਨਾਂ ਦੱਸੇ ਹਨ। ਪੁਲੀਸ ਵਲੋਂ ਉਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਪੁਲੀਸ ਗੋਲੀ ਚਲਾਉਣ ਦੇ ਮੰਤਵ ਬਾਰੇ ਵੀ ਪਤਾ ਲਾਉਣ ਦਾ ਯਤਨ ਕਰ ਰਹੀ ਹੈ।