(ਸਮਾਜ ਵੀਕਲੀ)
ਹੱਕ ਸੱਚ ਦੀ ਰਾਹ ਤੇ ਚੱਲਦੇ ਜਾਵਾਂਗੇ।
ਲੋੜ ਪੈਣ ਤੇ ਸਿਰ ਦੀ ਬਾਜ਼ੀ ਲਾਵਾਂਗੇ।
ਕੀ ਹੋਇਆ ਜੇ ਸੂਰਜ ਵਾਂਗੂੰ ਚਮਕੇ ਨਹੀਂ,
ਦੀਵਾ ਬਣ ਕੇ ਹਰ ਕੋਨਾ ਰੁਸ਼ਨਾਵਾਗੇ।
ਜੜ੍ਹ ਦੇ ਵਾਂਗੂੰ ਮਿੱਟੀ ਦੇ ਨਾਲ ਜੁੜੇ ਅਸੀਂ,
ਪੱਤੇ ਨਹੀਂ ਕਿ ਪੱਤਝੜ ਵਿੱਚ ਝੜ ਜਾਵਾਂਗੇ ।
ਜਦ ਚੱਲੇ ਦਰਿਆਵਾਂ ਵਾਂਗਰ ਚੱਲਾਂਗੇ,
ਖੜ੍ਹ ਗੲੇ ਜਦ ਤਾਂ ਮੀਲ ਪੱਥਰ ਅਖਵਾਂਵਾਗੇ ।
ਭੀਸ਼ਮ ਵਾਂਗੂੰ ਇੱਛਾ-ਮੌਤ ਤਾਂ ਮਿਲੀ ਨਹੀਂ,
ਸੱਚ ਦੀ ਖ਼ਾਤਰ ਤੀਰਾਂ ਤੇ ਵਿੱਛ ਜਾਵਾਂਗੇ।
ਇੱਕ ਹੱਥ ਦੇ ਵਿੱਚ ਕਾਨੀ,ਦੂਜੇ ਹੱਥ ਤੇਸਾ,
ਵਾਰੀ-ਵਾਰੀ ਦੋਹਾਂ ਨੂੰ ਅਜ਼ਮਾਵਾਗੇ।
ਭਗਤ ਸਿੰਘ, ਕਰਤਾਰ ਸਰਾਭੇ ਵਾਂਗ ਅਸੀਂ,
ਹੱਸਦੇ-ਹੱਸਦੇ ਸੂਲ਼ੀ ਤੇ ਚੜ੍ਹ ਜਾਵਾਂਗੇ