ਚੱਕਰਵਾਤੀ ਤੂਫ਼ਾਨ ‘ਯਾਸ’ ਨੇ ਝੰਬੇ ਉੜੀਸਾ ਤੇ ਬੰਗਾਲ

  • ਵੱਡੇ ਪੱਧਰ ’ਤੇ ਹੋਇਆ ਮਾਲੀ ਨੁਕਸਾਨ
  • ਝਾਰਖੰਡ ਵਿਚ ‘ਹਾਈ ਅਲਰਟ’ ਐਲਾਨਿਆ

ਬਾਲਾਸੌਰ/ਕੋਲਕਾਤਾ/ਰਾਂਚੀ, ਸਮਾਜ ਵੀਕਲੀ: ਚੱਕਰਵਾਤੀ ਤੂਫ਼ਾਨ ‘ਯਾਸ’ ਨਾਲ ਬੰਗਾਲ ਤੇ ਉੜੀਸਾ ਵਿਚ ਕਾਫ਼ੀ ਨੁਕਸਾਨ ਹੋਇਆ ਹੈ ਤੇ 130-145 ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਅੱਜ ਮੁਲਕ ਦੇ ਪੂਰਬੀ ਤੱਟਾਂ ’ਤੇ ਤੂਫ਼ਾਨ ਨੇ ਤਬਾਹੀ ਮਚਾਈ ਤੇ ਜ਼ੋਰਦਾਰ ਬਾਰਿਸ਼ ਦਰਜ ਕੀਤੀ ਗਈ। ਇਸ ਦੌਰਾਨ ਘਰਾਂ ਤੇ ਖੇਤੀਯੋਗ ਜ਼ਮੀਨਾਂ ਨੂੰ ਕਾਫ਼ੀ ਨੁਕਸਾਨ ਪੁੱਜਾ। ‘ਯਾਸ’ ਨਾਲ ਉੜੀਸਾ ਵਿਚ ਤਿੰਨ ਤੇ ਬੰਗਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਉੜੀਸਾ ਦੀ ਧਾਮਰਾ ਬੰਦਰਗਾਹ ਨੇੜੇ ਸਵੇਰੇ ਕਰੀਬ 9 ਵਜੇ ਜ਼ਮੀਨ ਖਿਸਕ ਗਈ। ਪਾਣੀ ਦਾ ਪੱਧਰ ਵਧਣ ਨਾਲ ਨੀਵੇਂ ਇਲਾਕਿਆਂ ਵਿਚ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਤੇ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਤੂਫ਼ਾਨ ਹਾਲਾਂਕਿ ਦੁਪਹਿਰ ਵੇਲੇ ਕਮਜ਼ੋਰ ਪੈ ਗਿਆ।

ਬੰਗਾਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਰੀਬ ਇਕ ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਤਬਾਹੀ ਦੇ ਰਾਹ ’ਤੇ ਤੂਫ਼ਾਨ ਝਾਰਖੰਡ ਵੱਲ ਵੱਧ ਗਿਆ ਹੈ। ਇਕੋ ਹਫ਼ਤੇ ਵਿਚ ਭਾਰਤ ਨੂੰ ਦੋ ਤੂਫ਼ਾਨਾਂ ਦੀ ਮਾਰ ਝੱਲਣੀ ਪਈ ਹੈ। ‘ਤਾਊਤੇ’ ਨੇ ਵੀ ਕਈ ਰਾਜਾਂ ਵਿਚ ਤਬਾਹੀ ਮਚਾਈ ਸੀ। ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਕਈ ਪਿੰਡ ਸਾਗਰ ਦੇ ਪਾਣੀ ਵਿਚ ਡੁੱਬ ਗਏ। ਭਦਰਕ ਜ਼ਿਲ੍ਹੇ ਵਿਚ ਵੀ ਕਾਫ਼ੀ ਨੁਕਸਾਨ ਹੋਇਆ ਹੈ। ਉੜੀਸਾ ਵਿਚ ਪ੍ਰਸ਼ਾਸਨ ਲੋਕਾਂ ਦੀ ਮਦਦ ਨਾਲ ਪਿੰਡਾਂ ਵਿਚੋਂ ਖਾਰਾ ਪਾਣੀ ਕੱਢ ਰਿਹਾ ਹੈ। ਮਯੂਰਭੰਜ ਜ਼ਿਲ੍ਹੇ ਵਿਚ ਮੋਹਲੇਧਾਰ ਮੀਂਹ ਕਾਰਨ ਬੁੱਧਬਲੰਗ ਨਦੀ ਵਿਚ ਹੜ੍ਹ ਆਉਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ।

ਨਦੀ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਗ ਰਿਹਾ ਹੈ। ਉੜੀਸਾ ਵਿਚ ਦੋ ਜਣੇ ਉਨ੍ਹਾਂ ’ਤੇ ਦਰੱਖਤ ਡਿਗਣ ਕਾਰਨ ਮਾਰੇ ਗਏ ਹਨ। ਘਰ ਢਹਿਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਉੜੀਸਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀ.ਕੇ. ਜੇਨਾ ਨੇ ਕਿਹਾ ਕਿ ਜਗਤਸਿੰਘਪੁਰ, ਕੇਂਦਰਪਾੜਾ ਤੇ ਜਾਜਪੁਰ ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉੜੀਸਾ ਵਿਚ 5.8 ਲੱਖ ਤੇ ਬੰਗਾਲ ਵਿਚ 15 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਜੇਨਾ ਨੇ ਕਿਹਾ ਕਿ ਤੂਫ਼ਾਨ ਅੱਜ ਰਾਤ ਨੂੰ ਝਾਰਖੰਡ ਵੱਲ ਵਧ ਜਾਵੇਗਾ। ਉੱਥੇ ਵੀ ‘ਹਾਈ ਅਲਰਟ’ ਕੀਤਾ ਗਿਆ ਹੈ।

ਉੜੀਸਾ ਦੇ ਨੌਂ ਜ਼ਿਲ੍ਹਿਆਂ ਵਿਚ ਜ਼ੋਰਦਾਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਬੰਗਾਲ ਦੇ ਦੱਖਣੀ 24 ਪਰਗਣਾ, ਹਾਵੜਾ ਵਿਚ ਵੀ ਰਾਹਤ ਕਾਰਜ ਜਾਰੀ ਹਨ। ਹੁਗਲੀ ਤੇ ਬੰਗਾਲ ਦੀ ਖਾੜੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਾਗਰ ਟਾਪੂ ’ਤੇ ਹੜ੍ਹ ਆ ਗਿਆ। ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਮਛੇਰਿਆਂ ਦੀਆਂ ਕਈ ਥਾਈਂ ਕਿਸ਼ਤੀਆਂ ਤਬਾਹ ਹੋ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਰਾਹਤ ਮੰਗੀ ਹੈ। ਕੋਲਕਾਤਾ ਵਿਚ ਵੀ ਕਈ ਥਾਈਂ ਪਾਣੀ ਭਰ ਗਿਆ ਹੈ। ਇਸ ਦੌਰਾਨ ਐਨਡੀਆਰਐਫ ਦੀਆਂ ਟੀਮਾਂ ਵੀ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੇਂ ਆਈਟੀ ਨੇਮ: ਭਾਰਤ ਸਰਕਾਰ ਖ਼ਿਲਾਫ਼ ਅਦਾਲਤ ਪੁੱਜੀ ‘ਵਟਸਐਪ’
Next articleਬੰਗਾਲ ਵਿੱਚ ਇਕ ਕਰੋੜ ਲੋਕ ਪ੍ਰਭਾਵਿਤ ਹੋਏ: ਮਮਤਾ