ਭਾਰਤ ਦੇ ਪੁਲਾੜ ਮਿਸ਼ਨ ‘ਚੰਦਰਯਾਨ-2’ ਨੇ ਸਫ਼ਲਤਾ ਨਾਲ ਚੰਦ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਸਥਾ ਮੁਤਾਬਕ ‘ਲੂਨਰ ਓਰਬਿਟ ਇਨਸਰਸ਼ਨ’ ਦਾ ਪਹਿਲਾਂ ਸਵੇਰੇ 9 ਵਜੇ ਸਫ਼ਲ ਪ੍ਰੀਖਣ ਕੀਤਾ ਗਿਆ ਤੇ ਇਹ ਯੋਜਨਾਬੰਦੀ ਮੁਤਾਬਕ ਸਿਰੇ ਚੜ੍ਹ ਗਿਆ। ਇਸਰੋ ਦੇ ਚੇਅਰਮੈਨ ਨੇ ਕੇ. ਸ਼ਿਵਨ ਨੇ ਕਿਹਾ ਹੈ ਕਿ ਜਦ ਪੁਲਾੜ ਜਹਾਜ਼ ‘ਚੰਦਰਯਾਨ-2’ ਮੰਗਲਵਾਰ ਚੰਦ ਦੇ ਪਰਿਕਰਮਾ ਪੰਧ ਵਿਚ ਪੈਣ ਵਾਲਾ ਸੀ ਤਾਂ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੀ ਟੀਮ ਦੀਆਂ ਇਕ ਵਾਰ ਤਾਂ ‘ਧੜਕਣਾਂ ਰੁਕ ਗਈਆਂ ਸਨ’। ਉਨ੍ਹਾਂ ਕਿਹਾ ਕਿ ਜਦ ਇਸਰੋ ਵਿਗਿਆਨਕਾਂ ਨੇ ‘ਚੰਦਰਯਾਨ-2’ ਦੇ ਤਰਲ ਇੰਜਨ ਨੂੰ ਚੰਦ ਦੇ ਪਰਿਕਰਮਾ ਪੰਧ ਵੱਲ ਮੋੜਨ ਲਈ ਚਲਾਇਆ ਤਾਂ ਕਰੀਬ 30 ਮਿੰਟ ਤਾਂ ‘ਉਹ ਧੜਕਣਾਂ ਰੋਕ ਕੇ ਬੈਠੇ ਰਹੇ’। ਸ਼ਿਵਨ ਨੇ ਕਿਹਾ ਕਿ ਸੱਤ ਸਤੰਬਰ ਨੂੰ ਚੰਦ ’ਤੇ ਹੋਣ ਵਾਲੀ ਲੈਂਡਿੰਗ ਵੀ ਕਾਫ਼ੀ ਜ਼ੋਖ਼ਮ ਭਰੀ ਹੈ। ਇਸਰੋ ਨੇ ਇਸ ਤਰ੍ਹਾਂ ਦੀ ਪ੍ਰਕਿਰਿਆ ਪਹਿਲਾਂ ਕਦੇ ਨਹੀਂ ਕੀਤੀ। ਹਾਲਾਂਕਿ ਅੱਜ ਕੀਤੀ ਗਈ ਪ੍ਰਕਿਰਿਆ ਪਹਿਲਾਂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਤਣਾਅ ਹੁਣ ਘਟਿਆ ਨਹੀਂ ਸਗੋਂ ਵੱਧ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸਰੋ ਨੂੰ ‘ਸੌਫਟ-ਲੈਂਡਿੰਗ’ ਪ੍ਰਤੀ ਪੂਰਾ ਭਰੋਸਾ ਹੈ। ਇਸ ਦਾ ਪਹਿਲਾਂ ਜ਼ਬਰਦਸਤ ਅਭਿਆਸ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਦਰਯਾਨ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਚੰਦਰਯਾਨ-2 ਚੰਦ ਦੇ ਉਸ ਹਿੱਸੇ (ਦੱਖਣੀ ਧਰੁਵੀ ਖਿੱਤੇ) ਵੱਲ ਜਾਵੇਗਾ ਜਿਸ ਨੂੰ ਪਹਿਲਾਂ ਕਦੇ ਘੋਖਿਆ ਨਹੀਂ ਗਿਆ।
ਸ਼ਿਵਨ ਨੇ ਮਿਸ਼ਨ ਦੀ ਗੁੰਝਲਦਾਰ ਪ੍ਰਕਿਰਿਆ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਚੰਦ ਦੇ ਦੱਖਣੀ ਧੁਰੇ ’ਤੇ ਲੈਂਡਿੰਗ 90 ਡਿਗਰੀ ਦੇ ਕੋਣ ’ਤੇ ਹੋਵੇਗੀ। ਲੈਂਡਰ ‘ਵਿਕਰਮ’ ਦੋ ਸਤੰਬਰ ਨੂੰ ਪਰਿਕਰਮਾ ਪੰਧ ਤੋਂ ਹਟੇਗਾ। ਇਸ ਤੋਂ ਬਾਅਦ ਇਸਰੋ ਦਾ ਸਾਰਾ ਧਿਆਨ ਲੈਂਡਰ ’ਤੇ ਹੀ ਕੇਂਦਰਿਤ ਹੋਵੇਗਾ। ਇਸਰੋ ਮੁਖੀ ਨੇ ਦੱਸਿਆ ਕਿ ਸੱਤ ਸਤੰਬਰ ਨੂੰ ਰਾਤ ਇਕ ਵਜ ਕੇ 15 ਮਿੰਟ ’ਤੇ ਲੈਂਡਰ ਚੰਦ ਦੀ ਸਤਹਿ ’ਤੇ ਉਤਰੇਗਾ।
HOME ਚੰਦਰਯਾਨ-2: ਚੰਦ ਦੀ ਪਰਿਕਰਮਾ ਸ਼ੁਰੂ ਕੀਤੀ