ਤੇਲਗੂ ਦੇਸਮ ਪਾਰਟੀ ਦੇ ਮੁਖੀ ਐੱਨ ਚੰਦਰਬਾਬੂ ਨਾਇਡੂ ਅਤੇ ਉਨ੍ਹਾਂ ਦੇ ਪੁੱਤਰ ਲੁਕੇਸ਼ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਕੁੱਝ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਇਹ ਕਾਰਵਾਈ ਗੁੰਟੂਰ ਜ਼ਿਲ੍ਹੇ ਵਿੱਚ ਪਾਰਟੀ ਵੱਲੋਂ ਅੰਦੋਲਨ ਸ਼ੁਰੂ ਕਰਨ ਦੀ ਮੁਹਿੰਮ ਨੂੰ ਠੱਪ ਕਰਨ ਲਈ ਕੀਤੀ ਹੈ। ਇਸ ਦੇ ਨਾਲ ਹੀ ਸੱਤਾਧਾਰੀ ਵਾਈਐੱਸਆਰ ਕਾਂਗਰਸ ਦੇ ਕੁੱਝ ਆਗੂਆਂ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਕਿਉਂਕਿ ਇਨ੍ਹਾਂ ਨੇ ਟੀਡੀਪੀ ਦੇ ਪ੍ਰੋਗਰਾਮ ਦੇ ਬਰਾਬਰ ਅੰਦੋਲਨ ਕਰਨ ਦਾ ਸੱਦਾ ਦੇ ਦਿੱਤਾ ਸੀ। ਬਾਅਦ ਵਿੱਚ ਟੀਡੀਪੀ ਨੇ ਐਲਾਨ ਕਰ ਦਿੱਤਾ ਕਿ ਲੋਕਾਂ ਨਾਲ ਜ਼ਿਆਦਤੀਆ ਵਿਰੁੱਧ ਨਾਇਡੂ ਇੱਥੇ ਉਨਾਦਾਵੱਲੀ ਵਿੱਚ ਆਪਣੇ ਘਰ ਵਿੱਚ ਹੀ ਇੱਕ ਦਿਨ ਲੰਮਾ ਵਰਤ ਰੱਖਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਟੀਡੀਪੀ ਪ੍ਰਧਾਨ ਗੁੰਟੂਰ ਜ਼ਿਲ੍ਹੇ ਦੇ ਪਿੰਡ ਅਤਮਾਕੁਰੂ ਵਿੱਚ ਜਾਣਾ ਚਾਹੁੰਦੇ ਸਨ, ਜਿੱਥੇ ਵਾਈਐੱਸਆਰ ਕਾਂਗਰਸ ਦੇ ਵਰਕਰਾਂ ਨੇ ਕਥਿੱਤ ਤੌਰ ਉੱਤੇ ਕੁੱਝ ਲੋਕਾਂ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਸੀ। ਸ੍ਰੀ ਚੰਦਰਬਾਬੂ ਨਾਇਡੂ ਜੋ ਕਿ ਸੂਬੇ ਵਿੱਚ ਵਿਰੋਧੀ ਧਿਰ ਦੇ ਵੀ ਆਗੂ ਹਨ, ਨੇ ਕਿਹਾ ਕਿ ਉਨ੍ਹਾਂ ਦੀ ਪਿੰਡ ਅਤਮਾਕੁਰੂ ਜਾਣ ਦੀ ਯੋਜਨਾ ਸੀ ਤਾਂ ਜੋ ਵਾਈਐੱਸਆਰ ਕਾਂਗਰਸ ਦੇ ਵਰਕਰਾਂ ਦੇ ਧੱਕੇ ਕਾਰਨ ਪਿੰਡ ਛੱਡਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ। ਇਹ ਕੋਈ ਅੰਦੋਲਨ ਨਹੀਂ ਸੀ ਸਗੋਂ ਰਾਜਸੀ ਬਦਲੇਖੋਰੀ ਦਾ ਸ਼ਿਕਾਰ ਪਿੰਡ ਵਾਸੀਆਂ ਦੇ ਨਾਲ ਇੱਕਮੁੱਠਤਾ ਪ੍ਰਗਟਾਉਣ ਦਾ ਹੀ ਯਤਨ ਸੀ। ਦੂਜੇ ਪਾਸੇ ਵਾਈਐੱਸਆਰ ਕਾਂਗਰਸ ਨੇ ਵੀ ‘ਚਲੋ ਆਤਮਾਕੁਰੂ’ ਦਾ ਸੱਦਾ ਦੇ ਦਿੱਤਾ ਸੀ।