ਨਵੀਂ ਦਿੱਲੀ / ਪੁਣੇ, (ਸਮਾਜ ਵੀਕਲੀ) : ਦੇਸ਼ ਵਿਚ ਕਰੋਨਾ ਖ਼ਿਲਾਫ਼ ਫੈਸਲਾਕੁਨ ਲੜਾਈ ਲਈ 16 ਜਨਵਰੀ ਨੂੰ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਚਾਰ ਦਿਨ ਪਹਿਲਾਂ ਮੰਗਲਵਾਰ ਸਵੇਰੇ ‘ਕੋਵਿਸ਼ੀਲਡ’ ਟੀਕਿਆਂ ਦੀ ਪਹਿਲੀ ਖੇਪ ਪੁਣੇ ਤੋਂ ਦਿੱਲੀ ਪਹੁੰਚ ਗਈ ਹੈ। ‘ਸਪਾਈਜੈੱਟ’ ਜਹਾਜ਼ ਸਵੇਰੇ 10 ਵਜੇ ਟੀਕੇ ਲਾ ਕੇ ਦਿੱਲੀ ਏਅਰਪੋਰਟ ਪਹੁੰਚਿਆ। ਉਹ ਸਵੇਰੇ ਅੱਠ ਵਜੇ ਪੁਣੇ ਏਅਰਪੋਰਟ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਤਿੰਨ ਟਰੱਕਾਂ ਵਿਚ ਇਨ੍ਹਾਂ ਟੀਕਿਆਂ ਨੂੰ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਤੋਂ ਪੁਣੇ ਏਅਰਪੋਰਟ ‘ਤੇ ਲਿਆਂਦਾ ਗਿਆ ਸੀ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਚਾਰ ਹਵਾਈ ਕੰਪਨੀਆਂ ਪੁਣੇ ਤੋਂ ਦੇਸ਼ ਭਰ ਦੇ 13 ਸ਼ਹਿਰਾਂ ਵਿੱਚ ਕੋਵਿਡ-19 ਟੀਕੇ ਦੀਆਂ 56.5 ਲੱਖ ਖੁਰਾਕਾਂ ਲਈ ਨੌਂ ਉਡਾਣਾਂ ਦਾ ਸੰਚਾਲਨ ਕਰਨਗੀਆਂ। ਮੁਹਿੰਮ ਦੀ ਸ਼ੁਰੂਆਤ ਸਵੇਰੇ ਪੁਣੇ ਤੋਂ ਦਿੱਲੀ ਲਈ ‘ਸਪਾਈਜੈੱਟ’ ਉਡਾਣ ਅਤੇ ਚੇਨਈ ਲਈ ‘ਗੋਏਅਰ’ ਦੀ ਉਡਾਣ ਨਾਲ ਹੋਈ। ਸ੍ਰੀ ਪੁਰੀ ਨੇ ਕਿਹਾ ਕਿ ਅਸੀਂ ਚੰਡੀਗੜ੍ਹ, ਗੁਹਾਟੀ, ਕੋਲਕਾਤਾ, ਹੈਦਰਾਬਾਦ, ਭੁਵਨੇਸ਼ਵਰ, ਬੰਗਲੌਰ, ਪਟਨਾ ਤੇ ਵਿਜੈਵਾੜਾ ਸਣੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਟੀਕਾ ਪਹੁੰਚਾ ਦਿਆਂਗੇ।