ਚੰਡੀਗੜ੍ਹ (ਸਮਾਜਵੀਕਲੀ) – ਕਰੋਨਾ ਮਹਾਮਾਰੀ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ ਪਰ ਫਿਰ ਵੀ ਇਹ ਵਾਇਰਸ ਸ਼ਹਿਰ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅੱਜ ਸ਼ਹਿਰ ਵਿੱਚ ਕਰੋਨਾ ਪਾਜ਼ੇਟਿਵ ਦੇ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਆਈਆਂ ਰਿਪੋਰਟਾਂ ਵਿੱਚ ਸੈਕਟਰ- 30 ਤੋਂ ਪੰਜ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਚਾਰ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਸੂਤਰਾਂ ਮੁਤਾਬਿਕ ਇਹ ਸਾਰੇ ਮਰੀਜ਼ ਬਾਪੂਧਾਮ ਕਲੋਨੀ ਦੇ ਉਸ ਪਾਜ਼ੇਟਿਵ ਮਰੀਜ਼ ਦੇ ਸੈਕਟਰ -30 ਵਿੱਚ ਰਹਿਣ ਵਾਲੇ ਰਿਸ਼ਤੇਦਾਰਾਂ ਦੇ ਸੰਪਰਕ ਵਿੱਚ ਆਏ ਹਨ।
ਇਸੇ ਤਰ੍ਹਾਂ ਦੁਪਹਿਰ ਵੇਲੇ ਮਿਲੀਆਂ ਰਿਪੋਰਟਾਂ ਵਿੱਚ ਬਾਪੂਧਾਮ ਕਲੋਨੀ ਦੇ 6 ਹੋਰ ਮਰੀਜ਼ਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿੱਚ ਕਲੋਨੀ ਦੀ 35 ਸਾਲਾਂ ਦੀ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਸ਼ਾਮਲ ਹਨ। ਇਸ ਤੋਂ ਇਲਾਵਾ ਇਸੇ ਕਾਲੋਨੀ ਦੀ 47 ਸਾਲਾਂ ਦੀ ਵਸਨੀਕ ਔਰਤ ਨੂੰ ਵੀ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 56 ਹੋ ਗਈ ਹੈ ਜਿਨ੍ਹਾਂ ਵਿੱਚੋਂ 17 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਸ਼ਹਿਰ ਵਿੱਚ ਇਸ ਸਮੇਂ ਐਕਟਿਵ ਕਰੋਨਾ ਕੇਸਾਂ ਦੀ ਕੁੱਲ ਗਿਣਤੀ 39 ਹੋ ਚੁੱਕੀ ਹੈ। ਬਾਪੂਧਾਮ ਕਲੋਨੀ ਅਤੇ ਸੈਕਟਰ-30 ਵਿੱਚ ਕਰੋਨਾ ਦੇ ਕਈ ਮਰੀਜ਼ ਮਿਲਣ ਤੋਂ ਬਾਅਦ ਇਹ ਦੋਵੇਂ ਸੈਕਟਰ ਕਰੋਨਾ ਦੇ ਹੱਬ ਬਣ ਗਏ ਹਨ। ਸੈਕਟਰ-32 ਹਸਪਤਾਲ ਦੇ ਕਈ ਡਾਕਟਰ ਤੇ ਸਟਾਫ ਨਰਸਾਂ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਬਾਪੂਧਾਮ ਕਲੋਨੀ, ਸੈਕਟਰ-30 ਅਤੇ 32 ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।