ਚੰਡੀਗੜ੍ਹ ਵਿੱਚ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ

ਚੰਡੀਗੜ੍ਹ– ਇੰਗਲੈਂਡ ਤੋਂ ਪਰਤੀ ਸੈਕਟਰ-21 ਦੀ ਵਸਨੀਕ ਲੜਕੀ ਨੂੰ ਕਰੋਨਾਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੇ ਮਾਤਾ, ਪਿਤਾ, ਭਰਾ ਤੇ ਕੁੱਕ ਆਦਿ ਦੇ ਸੈਂਪਲ ਵੀ ਜਾਂਚ ਵਾਸਤੇ ਲਏ ਗਏ ਸਨ। ਅੱਜ ਉਨ੍ਹਾਂ ਵਿੱਚੋਂ ਲੜਕੀ ਦੀ ਮਾਤਾ (48 ਸਾਲ), ਭਰਾ (25 ਸਾਲ) ਅਤੇ ਕੁੱਕ (30 ਸਾਲ) ਦੇ ਸੈਂਪਲਾਂ ਦੀ ਰਿਪੋਰਟ ਵਿੱਚ ਵੀ ਕਰੋਨਾਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂਕਿ ਲੜਕੀ ਦੇ ਪਿਤਾ ਦੀ ਰਿਪੋਰਟ ਨੈਗੇਟਿਵ ਆਈ ਹੈ। ਲੜਕੀ ਦੇ ਨਾਲ ਪਾਜ਼ੇਟਿਵ ਪਾਏ ਗਏ ਉਕਤ ਤਿੰਨੋਂ ਮਰੀਜ਼ਾਂ ਨੂੰ ਵੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32 ਵਿੱਚ ਦਾਖ਼ਲ ਰੱਖੇ ਗਏ ਹਨ। ਇਸ ਤੋਂ ਇਲਾਵਾ ਉਸ ਡਰਾਈਵਰ ਦੇ ਸੈਂਪਲ ਦੂਸਰੀ ਵਾਰ ਲਏ ਗਏ ਹਨ ਜੋ ਹਵਾਈ ਅੱਡੇ ਤੋਂ ਲੜਕੀ ਨੂੰ ਕਾਰ ਵਿੱਚ ਲੈ ਕੇ ਆਇਆ ਸੀ। ਲੜਕੀ ਦੇ ਪਿਤਾ ਤੇ ਡਰਾਈਵਰ ਨੂੰ ਸਿਹਤ ਵਿਭਾਗ ਨੇ ਘਰ ਵਿੱਚ ਹੀ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਕਰੋਨਾਵਾਇਰਸ ਨਾਲ ਜੂਝ ਰਹੀ ਲੜਕੀ ਦੇ ਸੰਪਰਕ ਵਿੱਚ ਆਉਣ ਵਾਲੇ 119 ਵਿਅਕਤੀਆਂ ’ਤੇ ਵੀ ਸਿਹਤ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਨਜ਼ਰ ਰੱਖ ਰਿਹਾ ਹੈ। ਇੱਕ ਹੋਰ ਮਹਿਲਾ ਨੂੰ ਕਰੋਨਾਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। 26 ਸਾਲਾ ਇਹ ਮਹਿਲਾ 18 ਮਾਰਚ ਨੂੰ ਲੰਡਨ ਤੋਂ ਚੰਡੀਗੜ੍ਹ ਵਾਪਸ ਆਈ ਸੀ ਜੋ ਸੈਕਟਰ-19 ਦੀ ਵਸਨੀਕ ਹੈ। ਲੰਡਨ ਤੋਂ ਵਾਪਸ ਆ ਰਹੀ ਇਸ ਮਹਿਲਾ ਨੂੰ ਜਿਉਂ ਹੀ ਕਰੋਨਾਵਾਇਰਸ ਦਾ ਸ਼ੱਕ ਹੋਇਆ ਤਾਂ ਉਹ ਦਿੱਲੀ ਹਵਾਈ ਅੱਡੇ ਤੋਂ ਸਿੱਧੀ ਪੀਜੀਆਈ ਚੰਡੀਗੜ੍ਹ ਪਹੁੰਚ ਗਈ ਸੀ ਜੋ ਇਸ ਸਮੇਂ ਪੀਜੀਆਈ ਦੇ ਆਇਸੋਲੇਸ਼ਨ ਵਾਰਡ ਵਿੱਚ ਇਲਾਜ ਅਧੀਨ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ, ਡਾ. ਸੁਮਨ ਮੋਰ ਤੇ ਡਾ. ਰਵਿੰਦਰ ਖਾਈਵਾਲ ਵੱਲੋਂ ਆਮ ਜਨਤਾ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਬੇਲੋੜੀ ਯਾਤਰਾ, ਭੀੜ-ਭਾੜ ਵਾਲੀਆਂ ਥਾਵਾਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਪੀਜੀਆਈ ਵੱਲੋਂ ਜਾਰੀ ਪਬਲਿਕ ਹੈਲਥ ਸ਼ੀਲਡ ਮੁਤਾਬਕ ਬਚਾਅ ਕਰਨ ਲਈ ਕਿਹਾ ਗਿਆ ਹੈ। ਇਹ ਹੈਲਥ ਸ਼ੀਲਡ ਪੀਜੀਆਈ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

Previous articleਕਰੋਨਾ: ਸਰਕਾਰ ਕਹਿੰਦੀ ਡਰੋ ਨਾ ਤੇ ਨਿਕਲੋ ਘਰੋਂ ਨਾ
Next articleਕਰੋਨਾ: ਦਹਿਸ਼ਤ ਕਾਰਨ ਲੋਕਾਂ ਵਿੱਚ ਖ਼ਰੀਦੋ-ਫਰੋਖਤ ਦੀ ਦੌੜ ਲੱਗੀ