ਭਾਰਤ ਦੇ ਚੋਣ ਕਮਿਸ਼ਨ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਚੋਣ ਅਖੀਰਲੇ ਪੜਾਅ ਦੌਰਾਨ 19 ਮਈ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ ਅਤੇ ਸ਼ਹਿਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਚੰਡੀਗੜ੍ਹ ਵਿਚ ਇਸ ਵੇਲੇ 6,19,249 ਵੋਟਰ ਹਨ। ਇਸ ਤੋਂ ਇਲਾਵਾ 355 ਸਰਵਿਸ ਵੋਟਰ ਹਨ। ਸ਼ਹਿਰ ਵਿਚ ਵੋਟਾਂ ਭੁਗਤਾਉਣ ਲਈ ਕੁੱਲ 597 ਚੋਣ ਬੂਥ ਬਣਾਏ ਗਏ ਹਨ ਜਿਨ੍ਹਾਂ ਵਿਚੋਂ 212 ਬੂਥ ਨਾਜ਼ੁਕ ਐਲਾਨੇ ਗਏ ਹਨ। ਯੂਟੀ ਦੇ ਚੀਫ ਇਲੈਕਟੋਰਲ ਅਫਸਰ (ਸੀਈਓ) ਅਜੋਏ ਕੁਮਾਰ ਸਿਨਹਾ (ਵਿੱਤ ਸਕੱਤਰ) ਨੇ ਡੀਆਈ ਡਾ. ਓਪੀ ਮਿਸ਼ਰਾ ਅਤੇ ਡੀਸੀ ਮਨਦੀਪ ਸਿੰਘ ਬਰਾੜ ਸਮੇਤ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਥੇ ਕਾਲ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ ਜਿਥੇ ਟੌਲ ਫਰੀ ਨੰਬਰ 1950 ’ਤੇ ਕੋਈ ਵੀ ਨਾਗਰਿਕ 24 ਘੰਟੇ ਚੋਣਾਂ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਚੋਣਾਂ ਲਈ ਡੀਸੀ ਦਫਤਰ ਵਿਚ ਵੀ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ ਜਿਥੇ ਚੋਣਾਂ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਖੇਤਰ ਲਈ ਨੋਡਲ ਅਫਸਰ ਨਿਯੁਕਤ ਕਰ ਦਿੱਤੇ ਗਏ ਹਨ ਅਤੇ 9 ਉਡਣ ਦਸਤੇ ਵੀ ਬਣਾਏ ਹਨ ਜੋ ਘਟਨਾ ਸਥਾਨ ’ਤੇ 15 ਤੋਂ 30 ਮਿੰਟਾਂ ਵਿਚ ਪਹੁੰਚਣਗੇ। ਇਸੇ ਦੌਰਾਨ ਸ਼ਹਿਰ ਦੀਆਂ ਸਿਆਸੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ। ਕਾਂਗਰਸ ਅਤੇ ਭਾਜਪਾ ਵਿਚ ਟਿਕਟਾਂ ਨੂੰ ਲੈ ਕੇ ਘਮਸਾਨ ਜਾਰੀ ਹੈ। ਕਾਂਗਰਸ ਵੱਲੋਂ ਪਵਨ ਕੁਮਾਰ ਬਾਂਸਲ, ਡਾ. ਨਵਜੋਤ ਕੌਰ ਸਿੱਧੂ ਅਤੇ ਮਨੀਸ਼ ਤਿਵਾੜੀ ਟਿਕਟ ਲਈ ਜੁਗਤਾਂ ਲੜਾ ਰਹੇ ਹਨ। ਭਾਜਪਾ ਵਿਚ ਵੀ ਟਿਕਟ ਨੂੰ ਲੈ ਕੇ ਕਿਰਨ ਖੇਰ ਅਤੇ ਸੰਜੇ ਟੰਡਨ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਪਹਿਲਾਂ ਹੀ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਉਮੀਦਵਾਰ ਐਲਾਨ ਚੱਕੀ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਦੀ ਆਵਾਜ਼ ਵੱਲੋਂ ਅਵਿਨਾਸ਼ ਸਿੰਘ ਸ਼ਰਮਾ ਅਤੇ ਆਜ਼ਾਦ ਉਮੀਦਵਾਰ ਵਜੋਂ ਦੇਵੀ ਸਿਰੋਹੀ ਚੋਣ ਲੜ ਰਹੀ ਹੈ।
INDIA ਚੰਡੀਗੜ੍ਹ ਵਿਚ 19 ਮਈ ਨੂੰ ਪੈਣਗੀਆਂ ਵੋਟਾਂ; ਜ਼ਾਬਤਾ ਲਾਗੂ