ਚੰਡੀਗੜ੍ਹ (ਸਮਾਜਵੀਕਲੀ)– ਚੰਡੀਗੜ੍ਹ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸੇ ਦੌਰਾਨ ਅੱਜ 10 ਮਹੀਨਿਆਂ ਦੀ ਬੱਚੀ ਅਤੇ ਉਸ ਦੀ ਦਾਦੀ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਈਆਂ ਹਨ। ਯੂਟੀ ਦੇ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਕਰੋਨਾ ਪਾਜ਼ੇਟਿਵ ਦਾਦੀ ਦੀ ਉਮਰ 59 ਸਾਲ ਹੈ ਜਦਕਿ ਪੋਤੀ ਦੀ ਉਮਰ 10 ਮਹੀਨੇ ਹੈ। ਦੋਵੇਂ ਚੰਡੀਗੜ੍ਹ ਦੀਆਂ ਵਸਨੀਕ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਛੋਟੀ ਬੱਚੀ ਦੇ ਮਾਤਾ-ਪਿਤਾ ਐਨਆਰਆਈ ਹਨ ਤੇ ਉਹ ਦੋਵੇਂ ਕਰੋਨਾ ਪਾਜ਼ੇਟਿਵ ਹਨ। ਉਨ੍ਹਾਂ ਤੋਂ ਬਾਅਦ ਹੁਣ ਦਾਦੀ-ਪੋਤੀ ਨੂੰ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਸਿਹਤ ਵਿਭਾਗ ਨੇ ਦਾਦੀ-ਪੋਤੀ ਨੂੰ ਵੀ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਇਸ ਪਰਿਵਾਰ ਦੇ ਸੰਪਰਕ ਵਿੱਚ ਆ ਚੁੱਕੇ ਤਿੰਨ ਹੋਰਨਾਂ ਗੁਆਂਢੀ ਪਰਿਵਾਰਾਂ ਨੂੰ ਵੀ ਸੈਕਟਰ-32 ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਦਾਦੀ-ਪੋਤੀ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਉਪਰੰਤ ਚੰਡੀਗੜ੍ਹ ਵਿੱਚ ਹੁਣ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ। ਇਹ ਸਾਰੇ ਮਰੀਜ਼ ਇਲਾਜ ਅਧੀਨ ਹਨ ਤੇ ਕਿਸੇ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਰ-ਵਾਰ ਅਹਤਿਆਤ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਇਨਫ਼ੈਕਸ਼ਨ ਅੱਗੇ ਨਾ ਵਧ ਸਕੇ।
ਇਸੇ ਦੌਰਾਨ ਯੂਟੀ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਪੀਜੀਆਈ ਵਿੱਚ ਸ਼ਿਫ਼ਟ ਕੀਤੇ ਜਾਣ ਸਬੰਧੀ ਫ਼ੈਸਲਾ ਲਿਆ ਸੀ। ਪੀਜੀਆਈ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਐਸੋਸੀਏਸ਼ਨ ਵੱਲੋਂ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਅਤੇ ਸਲਾਹਕਾਰ ਮਨੋਜ ਪਰੀਦਾ ਨੂੰ ਈਮੇਲ ਰਾਹੀਂ ਪੱਤਰ ਭੇਜਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਉੱਤਮ ਠਾਕੁਰ ਨੇ ਦੱਸਿਆ ਕਿ ਪੱਤਰ ਵਿੱਚ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਹੋਰਨਾਂ ਹਸਪਤਾਲਾਂ ਤੋਂ ਕਰੋਨਾ ਦੇ ਸਾਰੇ ਮਰੀਜ਼ ਪੀਜੀਆਈ ਵਿੱਚ ਸ਼ਿਫ਼ਟ ਕੀਤੇ ਜਾਣ ਨਾਲ ਬਿਮਾਰੀ ਦਾ ਖਤਰਾ ਵੱਧ ਜਾਵੇਗਾ।
ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਕਿ ਸੈਕਟਰ-48 ਵਿੱਚ ਬਣਾਏ ਗਏ ਨਵੇਂ ਹਸਪਤਾਲ ਨੂੰ ਆਈਸੋਲੇਟ ਕਰਕੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇ। ਪੀ.ਜੀ.ਆਈ. ਵਿੱਚ ਜੇਕਰ ਮਰੀਜ਼ਾਂ ਦੀ ਗਿਣਤੀ ਇਸੇ ਤਰ੍ਹਾਂ ਵਧਦੀ ਰਹੀ ਹੈ ਤਾਂ ਗੰਭੀਰ ਹਾਲਤ ਵਾਲੇ ਕਰੋਨਾ ਪੀੜਤ ਮਰੀਜ਼ਾਂ ਨੂੰ ਦਾਖਲ ਕਰਨਾ ਮੁਸ਼ਕਿਲ ਹੋ ਜਾਵੇਗਾ।