ਹੁਣ ਪੰਜਾਬ ਵਾਂਗ ਚੰਡੀਗੜ੍ਹ ਦੇ ਲੋਕ ਵੀ ਡਰੱਗ ਮਾਫੀਆ ਵਿਰੁੱਧ ਸੜਕਾਂ ’ਤੇ ਨਿਕਲਣ ਆਏ ਹਨ। ਅੱਜ ਸ਼ਾਮ ਸੈਕਟਰ-38ਏ ’ਚ ਲੋਕਾਂ ਨੇ ਇਕੱਠੇ ਹੋ ਕੇ ਇਸ ਖੇਤਰ ’ਚ ਸ਼ਰ੍ਹੇਆਮ ਵੇਚੀ ਜਾ ਰਹੀ ਡਰੱਗ ਦਾ ਪੋਲ ਖੋਲ੍ਹਿਆ। ਚੰਡੀਗੜ੍ਹ ’ਚ ਡਰੱਗ ਮਾਫੀਆ ਬੜੀ ਤੇਜ਼ੀ ਨਾਲ ਸਾਰੇ ਸ਼ਹਿਰ ਨੂੰ ਨਸ਼ੇ ਦੇ ਮਕੜਜਾਲ ’ਚ ਫਸਾ ਰਿਹਾ ਹੈ ਪਰ ਇਥੋਂ ਦੇ ਸਿਆਸੀ ਆਗੂਆਂ ਨੇ ਇਸ ਗੰਭੀਰ ਮੁੱਦੇ ’ਤੇ ਕਦੇ ਕੋਈ ਠੋਸ ਕਦਮ ਨਹੀਂ ਚੁੱਕਿਆ। ਜਿਸ ਕਾਰਨ ਡਿਰੱਗ ਮਾਫੀਆ ਇਸ ਦਾ ਲਾਭ ਉਠਾਉਂਦਿਆਂ ਮਹਿਲਾਵਾਂ ਤੇ ਬੱਚਿਆਂ ਨੂੰ ਜਾਲ ’ਚ ਫਸਾ ਕੇ ਨਸ਼ੇ ਦੀਆਂ ਪੁੜੀਆਂ ਦੀ ਘਰਾਂ ਤੱਕ ਸਪਲਾਈ ਕਰਵਾ ਰਿਹਾ ਹੈ। ਇਸ ਗੰਭੀਰ ਮੁੱਦੇ ’ਤੇ ਪਹਿਲੀ ਵਾਰ ਸੈਕਟਰ-38ਏ ਦੇ ਲੋਕ ਸੜਕਾਂ ’ਤੇ ਨਿਕਲੇ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਦੇ ਸਾਬਕਾ ਮੇਅਰ ਤੇ ਕੌਂਸਲਰ ਅਰੁਣ ਸੂਦ ਨੇ ਦੋਸ਼ ਲਾਇਆ ਕਿ ਸਾਰਾ ਸ਼ਹਿਰ ਨਸ਼ਿਆਂ ਦੀ ਲਪੇਟ ’ਚ ਆ ਰਿਹਾ ਹੈ ਪਰ ਪੁਲੀਸ ਇਸ ਮਾਫੀਆ ਨੂੰ ਕਾਬੂ ਕਰਨ ’ਚ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਪ੍ਰਕੋਪ ਨਿੱਤ ਦਿਨ ਵਧਦਾ ਜਾ ਰਿਹਾ ਹੈ, ਜੋ ਬਿਊਟੀਫੁਲ ਸਿੱਟੀ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਐਲਾਨ ਕੀਤਾ ਭਾਜਪਾ ਸਾਰੇ ਸ਼ਹਿਰ ’ਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਵੇਗੀ ਤੇ ਹੁਣ ਲੋਕ ਖੁਦ ਮਾਫੀਆ ਨੂੰ ਨੱਥ ਪਾਉਣਗੇ। ਸੈਕਟਰ-38 ਏ ਕਲੋਨੀ ਦੇ ਪ੍ਰਧਾਨ ਗੌਰਵ ਕੁਮਾਰ ਨੇ ਕਿਹਾ ਕਿ 38 ਏ ਦੀ ਕਲੋਨੀ ’ਚ ਨਸ਼ੇ ਦਾ ਵਪਾਰ ਚੱਲ ਰਿਹਾ ਹੈ। ਜਿਸ ਦਾ ਖਮਿਆਜ਼ਾ ਇਥੋਂ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਦਿਨ ਨਛੇੜੀ ਅਨਸਰ ਮੋਟਰਸਾਈਕਲਾਂ ’ਤੇ ਕਲੋਨੀ ਦੀਆਂ ਗਲੀਆਂ ’ਚ ਹਰਲ ਹਰਲ ਕਰਦੇ ਫਿਰਦੇ ਹਨ ਪਰ ਪੁਲੀਸ ਇਨ੍ਹਾਂ ਨੂੰ ਕਾਬੂ ਕਰਨ ਤੋਂ ਅਸਮਰਥ ਹੈ। ਉਨ੍ਹਾਂ ਕਿਹਾ ਕਿ ਡਰੱਗ ਦੇ ਕਹਿਰ ਤੋਂ ਇਲਾਵਾ ਇਸ ਖੇਤਰ ’ਚ ਦਿਨ-ਦਿਹਾੜੇ ਚੋਰੀਆਂ, ਲੁੱਟਾਂ ਤੇ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਸੈਕਟਰ-39 ਥਾਣੇ ਦੇ ਐਸਐਚਓ ਮਨਿੰਦਰ ਸਿੰਘ ਵੀ ਮੌਜੂਦ ਸਨ ਤੇ ਲੋਕਾਂ ਨੇ ਉਨ੍ਹਾਂ ਨੂੰ ਇਸ ਕਲੋਨੀ ’ਚ ਸ਼ਰ੍ਹੇਆਮ ਵਿਕਦੀ ਡਰੱਗ ਦੀ ਵਿਥਿਆ ਸੁਣਾਈ ਗਈ। ਅੇਸਐਚਓ ਨੇ ਇਥੇ ਗਸ਼ਤ ਹੋਰ ਵਧਾਉਣ ਦਾ ਭਰੋਸਾ ਦਿੱਤਾ। ਪੁਲੀਸ ਹੈੱਡ ਕੁਆਰਟਰ ਤੋਂ ਹਾਸਲ ਕੀਤੇ ਅੰਕੜਿਆਂ ਅਨੁਸਾਰ ਨਸ਼ਿਆਂ ਦਾ ਸ਼ਹਿਰ ’ਚ ਸਭ ਤੋਂ ਵੱਧ ਵਪਾਰ ਸੈਕਟਰ-39 ਥਾਣੇ ਤੇ ਮਲੋਆ ਥਾਣੇ ਦੇ ਖੇਤਰਾਂ ’ਚ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਥਾਣਿਆਂ ਦੇ ਅਧਿਕਾਰ ਖੇਤਰ ਵਿਚਲੀਆਂ ਡੱਡੂਮਜਾਰਾ, ਮਲੋਆ, ਸੈਕਟਰ-25 ਦੀਆਂ ਕਲੋਨੀ ’ਚ ਸਭ ਤੋਂ ਵੱਧ ਡਰੱਗ ਮਾਫੀਆ ਸਰਗਰਮ ਹੈ। ਖਾਸ ਕਰਕੇ ਡੱਡੂਮਾਜਰਾ ਕਲੋਨੀ ’ਚ ਤਾਂ ਕੁਝ ਮਹਿਲਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕਈ ਸਾਲਾਂ ਤੋਂ ਬੇਖੌਫ ਨਸ਼ੇ ਵੇਚੇ ਜਾ ਰਹੇ ਹਨ। ਪੁਲੀਸ ਇਨ੍ਹਾਂ ਮਹਿਲਾਵਾਂ ਨੂੰ ਕਈ ਵਾਰ ਡਰੱਗ ਵੇਚਦਿਆਂ ਕਾਬੂ ਕਰਕੇ ਜੇਲ੍ਹ ਭੇਜ ਚੁੱਕੀ ਹੈ। ਸ਼ਹਿਰ ’ਚ ਕਲੋਨੀਆਂ ਦਾ ਗਰੀਬ ਤਬਕਾ ਨਸ਼ੀਲੀਆਂ ਗੋਲੀਆਂ ਤੇ ਟੀਕੇ, ਗਾਂਜਾ, ਭੁੱਕੀ, ਪੀਣ ਵਾਲੀ ਦਵਾਈ ਵਰਤਦੇ ਹਨ।
INDIA ਚੰਡੀਗੜ੍ਹ ਵਾਸੀ ਡਰੱਗ ਮਾਫੀਆ ਵਿਰੁੱਧ ਸੜਕਾਂ ’ਤੇ ਉੱਤਰੇ