ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਅੱਜ ਸੀਨੀਅਰ ਸਿਟੀਜ਼ਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉੱਤਰ ਭਾਰਤ ਦੇ ਸੋਹਣੇ ਸ਼ਹਿਰ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਪਛਾਣਨੀਆਂ ਚਾਹੀਦੀਆਂ ਹਨ। ਅੱਜ ਸਵੇਰੇ ਸੁਖਨਾ ਝੀਲ ’ਤੇ ਪੁਲੀਸ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਕਰਵਾਈ ‘ਰਨ ਫਾਰ ਫਨ’ ਦੌੜ ਦੌਰਾਨ ਡੀਜੀਪੀ ਸ੍ਰੀ ਬੈਨੀਵਾਲ, ਡੀਆਈਜੀ ਡਾ. ਓਪੀ ਮਿਸ਼ਰਾ, ਐੱਸਐੱਸਪੀ ਨੀਲਾਂਬਰੀ ਜਗਦਲੇ ਤੇ ਸਸ਼ਾਂਕ ਆਨੰਦ ਅਤੇ ਐੱਸਪੀ ਸਿਟੀ ਨਿਹਾਰਿਕਾ ਭੱਟ ਨੇ ਬਜ਼ੁਰਗਾਂ ਨਾਲ ਦੌੜ ਲਗਾਈ ਅਤੇ ਉਨ੍ਹਾਂ ਨਾਲ ਰੁਬਰੂ ਹੋਏ। ਇਸ ਮੌਕੇ ਸੇਵਾਮੁਕਤ ਮੁੱਖ ਇੰਜਨੀਅਰ ਟੀਆਰ ਚੁਟਾਨੀ ਨੇ ਕਿਹਾ ਕਿ ਟਰੈਫਿਕ ਪੁਲੀਸ ਨੇ ਵਾਹਨ ਗਲਤ ਪਾਰਕ ਕਰਨ ਦੇ ਦੋਸ਼ਾਂ ਤਹਿਤ ਚਲਾਨ ਕੱਟਣ ਦੀ ਹਨ੍ਹੇਰੀ ਲਿਆਂਦੀ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਮਾਰਕੀਟਾਂ ਵਿਚ ਪਾਰਕਿੰਗ ਲਈ ਥਾਂ ਹੀ ਮੁਹੱਈਆ ਨਾ ਕਰਵਾਉਣ ਕਾਰਨ ਲੋਕ ਆਪਣੇ ਵਾਹਨ ਕਿਥੇ ਪਾਰਕ ਕਰਨ? ਉਨ੍ਹਾਂ ਕਿਹਾ ਕਿ ਸੈਕਟਰ-43 ਸਮੇਤ ਹੋਰ ਸੈਕਟਰਾਂ ਵਿਚ ‘ਆਪਣੀਆਂ ਮੰਡੀਆਂ’ ਲੱਗਦੀਆਂ ਹਨ ਅਤੇ ਉਨ੍ਹਾਂ ਨੇੜੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ। ਜਦੋਂ ਲੋਕ ਸੜਕ ਕਿਨਾਰੇ ਜਾਂ ਫੁਟਪਾਥਾਂ ’ਤੇ ਗੱਡੀਆਂ ਲਾਉਂਦੇ ਹਨ ਤਾਂ ਟਰੈਫਿਕ ਪੁਲੀਸ ਪ੍ਰੇਸ਼ਾਨ ਕਰਦੀ ਹੈ। ਇਸ ਸਬੰਧ ’ਚ ਡੀਜੀਪੀ ਸ੍ਰੀ ਬੈਨੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਗਲਤ ਪਾਰਕਿੰਗ ਲਈ ਹਾਈ ਕੋਰਟ ਦਾ ਜੱਜ ਨੂੰ ਵੀ ਨਹੀਂ ਬਖਸ਼ਿਆ ਸੀ। ਇਸੇ ਦੌਰਾਨ ਸੈਕਟਰ-22 ਦੀ 75 ਸਾਲਾਂ ਦੀ ਨਿਰਮਲਾ ਮਰਵਾਹਾ ਨੇ ਦੁਹਾਈ ਦਿੱਤੀ ਕਿ ਉਹ ਆਪਣੇ 80 ਸਾਲਾਂ ਦੇ ਪਤੀ ਨਾਲ ਕੋਨੇ ਦੇ ਮਕਾਨ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ਦੇ ਇਰਦ-ਗਿਰਦ ਨਸ਼ੇੜੀ ਘੁੰਮਦੇ ਹਨ ਪਰ ਪੁਲੀਸ ਨੇ ਕਦੇ ਗਸ਼ਤ ਨਹੀਂ ਕੀਤੀ। ਇਸੇ ਦੌਰਾਨ ਸੋਮਨਾਥ ਬਾਂਸਲ ਨੇ ਕਿਹਾ ਕਿ 80 ਫੀਸਦ ਟਰੈਫਿਕ ਲਾਈਟਾਂ ਦੇ ਟਾਈਮਰ ਕੰਮ ਨਹੀਂ ਕਰਦੇ। ਸੈਕਟਰ-15 ਦੇ ਇੰਦਰਪਾਲ ਨੇ ਕਿਹਾ ਕਿ 60 ਫੀਸਦ ਵਿਦਿਆਰਥੀ ਦੋ-ਪਹੀਆ ਵਾਹਨ ਹੈਲਮਟ ਪਾਏ ਬਿਨਾਂ ਚਲਾਉਂਦੇ ਹਨ ਤੇ ਤੀਹਰੀ ਸਵਾਰੀ ਵੀ ਕਰਦੇ ਹਨ ਅਤੇ ਪੁਲੀਸ ਮੂਕ ਦਰਸ਼ਕ ਬਣੀ ਰਹਿੰਦੀ ਹੈ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕੈਪਟਨ ਘੁੰਮਣ ਨੇ ਕਿਹਾ ਕਿ ਉਸ ਦਾ ਘਰ ਸੈਕਟਰ-8 ਦੇ ਕਮਿਊਨਿਟੀ ਸੈਂਟਰ ਦੇ ਨਾਲ ਹੈ ਜਿਥੇ ਅਕਸਰ ਉੱਚੀ ਆਵਾਜ਼ ਵਿਚ ਮਿਊਜ਼ਿਕ ਵੱਜਦਾ ਹੈ। ਇਸ ਦੇ ਨਾਲ ਹੀ ਪੁਲੀਸ ਬੀਟ ਬਾਕਸ ਹੈ ਪਰ ਕਦੇ ਵੀ ਪੁਲੀਸ ਨੇ ਆਵਾਜ਼ ਪ੍ਰਦੂਸ਼ਣ ਰੋਕਣ ਦਾ ਯਤਨ ਨਹੀਂ ਕੀਤਾ। ਡੀਜੀਪੀ ਸੰਜੇ ਬੈਨੀਵਾਲ ਨੇ ਮਾਪਿਆਂ ਨੂੰ ਕਿਹਾ ਕਿ ਉਹ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦੇਣ। ਉਨ੍ਹਾਂ ਕਿਹਾ ਕਿ ਤੁਸੀਂ ਸਵਰਗ ਵਰਗੇ ਸ਼ਹਿਰ ਵਿਚ ਰਹਿ ਰਹੇ ਹੋ। ਇੱਥੇ ਸੁਖਨਾ ਝੀਲ ਵਰਗੇ ਨਜ਼ਾਰੇ ਅੇ ਜ਼ਿੰਦਗੀਆਂ ਦੀਆਂ ਹੋਰ ਕਈ ਸਹੂਲਤਾਂ ਹਨ। ਇਥੋਂ ਦੇ ਨਾਗਰਿਕ ਕਈ ਸਮੱਸਿਆਵਾਂ ਲਈ ਖ਼ੁਦ ਜ਼ਿੰਮੇਵਾਰ ਹਨ।
INDIA ਚੰਡੀਗੜ੍ਹ ਵਾਸੀ ਜ਼ਿੰਮੇਵਾਰੀਆਂ ਨੂੰ ਪਛਾਣਨ: ਬੈਨੀਵਾਲ