ਚੰਡੀਗੜ੍ਹ (ਸਮਾਜਵੀਕਲੀ): ਸ਼ਹਿਰ ਦੀਆਂ 6 ਕਰੋਨਾ ਪ੍ਰਭਾਵਿਤ ਜ਼ੋਨਾਂ ਵਿੱਚੋਂ ਬਾਪੂਧਾਮ ਕਲੋਨੀ ਨੂੰ ਛੱਡ ਕੇ ਹਾਲ ਹੀ ਵਿੱਚ ਹੋਰਨਾਂ ਜ਼ੋਨਾਂ ਵਿੱਚ ਕਰੋਨਾਵਾਇਰਸ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਇਸੇ ਦੇ ਚੱਲਦਿਆਂ ਇਨ੍ਹਾਂ ਪੰਜ ਜ਼ੋਨਾਂ ਦੇ ਲੋਕਾਂ ਨੇ ਆਪਣੇ ਇਲਾਕਿਆਂ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਯੂਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਕਰੋਨਾ ਜ਼ੋਨਾਂ ਨੂੰ ਖੋਲ੍ਹਣ ਲਈ ਕੇਂਦਰ ਸਰਕਾਰ ਦੇ ਆਦੇਸ਼ਾਂ ’ਤੇ ਵਿਚਾਰ ਕਰ ਰਹੇ ਹਨ।
ਯੂਟੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਜੇਕਰ ਕਿਸੇ ਇਲਾਕੇ ਵਿੱਚ 28 ਦਿਨਾਂ ਵਿੱਚ ਕਰੋਨਾਵਾਇਰਸ ਦਾ ਕੋਈ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਉਂਦਾ ਤਾਂ ਉਸ ਨੂੰ ਕੰਟੇਨਮੈਂਟ ਜ਼ੋਨ ਵਿੱਚੋਂ ਬਾਹਰ ਕੀਤਾ ਜਾ ਸਕਦਾ ਹੈ। ਸ਼ਹਿਰ ਵਿਚਲੇ ਕਰੋਨਾ ਪ੍ਰਭਾਵਿਤ ਖੇਤਰਾਂ ਸਬੰਧੀ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਕੀਤੀ ਸਮੀਖਿਆ ਬੈਠਕ ਵਿੱਚ ਕਿਹਾ ਕਿ ਕਰੋਨਾ ਪ੍ਰਭਾਵਿਤ ਖੇਤਰਾਂ ਨੂੰ ਖੋਲ੍ਹਣ ਸਬੰਧੀ ਕਈ ਮੰਗਾਂ ਆਈਆਂ ਹਨ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੀ ਬਾਪੂਧਾਮ ਕਾਲੋਨੀ ਨੂੰ ਕੰਨਟੇਨਮੈਂਟ/ਬਫ਼ਰ ਜ਼ੋਨ ਐਲਾਨਿਆ ਹੋਇਆ ਹੈ ਜਦਕਿ ਧਨਾਸ ਦੀ ਕੱਚੀ ਕਾਲੋਨੀ, ਸੈਕਟਰ-30 ਬੀ, ਸੈਕਟਰ-38 ਈਡਬਲਿਊਐੱਸ ਕਲੋਨੀ, ਸੈਕਟਰ-52 ਤੇ ਮਨੀਮਾਜਰਾ ਦੇ ਸ਼ਾਸਤਰੀ ਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੋਇਆ ਹੈ। ਇਨ੍ਹਾਂ ਵਿੱਚੋਂ ਸੈਕਟਰ-39 ਈਡਬਲਿਊਐੱਸ ਕਲੋਨੀ ਵਿੱਚ ਕੁਆਰਨਟਾਈਨ ਸਬੰਧੀ 28 ਦਿਨਾਂ ਦਾ ਸਮਾਂ ਸਮਾਪਤ ਹੋ ਗਿਆ ਹੈ। ਇਸੇ ਤਰ੍ਹਾਂ ਸੈਕਟਰ-52 ਵਿੱਚ 27 ਮਈ ਨੂੰ ਅਤੇ ਸ਼ਾਸਤਰੀ ਨਗਰ ਵਿੱਚ 30 ਮਈ ਨੂੰ 28 ਦਿਨਾਂ ਦਾ ਕੁਆਰਨਟਾਈਨ ਸਮਾਂ ਪੂਰਾ ਹੋ ਜਾਵੇਗਾ।