– ਯਾਦਵਿੰਦਰ, +91 94653 29617
(ਸਮਾਜ ਵੀਕਲੀ)- ਭਾਰਤੀ ਪੰਜਾਬ ਦੀ ਹਰ ਸੜਕ ਖ਼ਸਤਾਹਾਲ ਹੈ, ਪਤਾ ਈ ਨਹੀਂ ਲੱਗਦਾ ਕਿ ਸੜਕ ਵਿਚ ਟੋਏ ਨੇ ਜਾਂ ਟੋਇਆਂ ਵਿਚ ਸੜਕ ਹੈ। ਏਸ ਵਰਤਾਰੇ ਦੇ ਪਿੱਛੇ ਹਨ ਲੁਟੇਰੇ ਠੇਕੇਦਾਰ ਤੇ ਰਿਸ਼ਵਤਖ਼ੋਰ ਅਫ਼ਸਰ, ਜਦਕਿ ਗੁਆਂਢੀ ਸੂਬੇ ਚੰਡੀਗੜ੍ਹ ਨੇ ਪੈਸੇ ਦੇ ਪੁਜਾਰੀ ਠੇਕੇਦਾਰਾਂ ਨੂੰ ਸੂਤ ਕਰਨ ਦਾ ਮਨ ਬਣਾ ਲਿਆ ਸੀ/ਹੈ ! ਓਹ ਕਿਵੇਂ?
ਆਓ ਜਾਣਦੇ ਹਾਂ : ਇੰਝ ਪਾਈ ਸੀ ਨੱਥ
ਖੋਜ ਰਿਪੋਰਟਾਂ ਮੁਤਾਬਕ ਚੰਡੀਗੜ੍ਹ ਨਿਗਮ ਦੀਆਂ ਦੋ ਸਾਲ ਪੁਰਾਣੀਆਂ ਗੁਪਤ ਫਾਈਲਾਂ ਮੁਤਾਬਕ ਇਹ ਨਿਯਮ ਲਾਗੂ ਹਨ…, “ਜਿਹੜਾ ਠੇਕੇਦਾਰ, ਰਾਜਧਾਨੀ ਵਾਲੇ ਸ਼ਹਿਰ ਦੀ ਕਿਸੇ ਵੀ ਸੜਕ ਦੀ ਮੁਰੰਮਤ ਕਰੇਗਾ ਤੇ ਜੇ ਪੰਜਾਂ ਸਾਲਾਂ ਦੌਰਾਨ ਉਹ ਸੜਕ ਟੁੱਟ ਜਾਂਦੀ ਹੈ ਜਾਂ ਕੋਈ ਟੋਇਆ ਪੈ ਜਾਂਦਾ ਹੈ ਤਾਂ ਉਸ ਦੀ ਮੁੜ ਮੁਰੰਮਤ ਉਹੀ ਠੇਕੇਦਾਰ ਕਰੇਗਾ। ਸੜਕ ਟੁੱਟਣ ਦੀ ਸਥਿਤੀ ਵਿਚ ਠੇਕੇਦਾਰ ਪਹਿਲਾਂ ਵਾਂਗ ਬਹਾਨੇਬਾਜ਼ੀ ਨਹੀਂ ਕਰ ਸਕੇਗਾ। ਕੇਂਦਰ ਸ਼ਾਸ਼ਤ ਚੰਡੀਗੜ੍ਹ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ”।
ਅੰਦਰਲੇ ਸੂਤਰਾਂ ਨੇ ਭੇਤ ਖੋਲ੍ਹਿਆ ਐ ਕਿ ਨਗਰ ਨਿਗਮ ਚੰਡੀਗੜ੍ਹ ਵੱਲੋਂ 38 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਟੈਂਡਰ ਇਸ ਸ਼ਰਤ ਨੂੰ ਪਾਉਂਦੇ ਹੋਏ ਕੱਢੇ ਗਏ ਸਨ, ਜਿਨ੍ਹਾਂ ਲਈ ਟੈਕਨੀਕਲ ਬਿਡ ਆ ਗਈ ਸੀ। ਤਿੰਨ ਤੋਂ ਚਾਰ ਦਿਨਾਂ ਵਿਚ ਟੈਕਨੀਕਲ ਬਿਡ ਖੋਲ੍ਹ ਦਿੱਤੀ ਜਾਣੀ ਸੀ… ਪਰ ਇਨ੍ਹਾਂ ਸੜਕਾਂ ਦੀ ਮੁੜ ਮੁਰੰਮਤ ਦਾ ਕੰਮ ਮਾਨਸੂਨ ਦੇ ਮੀਹਾਂ ਪਿੱਛੋਂ ਹੋਣਾ ਸੀ। ਨਗਰ ਨਿਗਮ ਨੇ ਜਿਹੜੀਆਂ ਸੜਕਾਂ ਦੀ ਮੁਰੰਮਤ ਦੇ ਟੈਂਡਰ ਤਿਆਰ ਕੀਤੇ ਸਨ, ਉਹ ਵੀ ਕੌਮੀ ਤਕਨੀਕੀ ਸਿੱਖਿਆ ਸਿਖਲਾਈ ਤੇ ਖੋਜ ਅਦਾਰੇ (ਐੱਨ ਟੀ ਟੀ ਆਰ) ਦੀ ਸਿਫ਼ਾਰਸ਼ ਨਾਲ ਤਿਆਰ ਕੀਤੇ ਗਏ ਹਨ. ਇਸ ਨਾਲ ਸੜਕ ‘ਤੇ ਕਿਸ ਤਰ੍ਹਾਂ ਦਾ ਮਾਲ ਪਾਇਆ ਜਾਣਾ ਸੀ, ਸਾਲ ਮਗਰੋਂ ਸੜਕ ਦੀ ਪਰਤ ਕਿੰਨੀ ਘੱਟ ਹੋਵੇਗੀ, ਇਨ੍ਹਾਂ ਗੱਲਾਂ ਬਾਰੇ ਐੱਨ ਟੀ ਟੀ ਆਰ ਦੇ ਅਫ਼ਸਰ ਪਹਿਲਾਂ ਹੀ ਅਧਿਐਨ ਕਰ ਕੇ ਨਿਗਮ ਨੂੰ ਦੱਸ ਗਏ ਸਨ। ਵਾਰ ਵਾਰ ਸੜਕਾਂ ਦੀ ਰੀਪੇਅਰ ਹੋਣ ਕਰ ਕੇ ਸੜਕ ਉੱਪਰ ਜਿੰਨੀ ਪਰਤ ਮੋਟੀ ਹੋ ਜਾਂਦੀ ਹੈ, ਇਹ ਦਿੱਕਤ ਦੂਰ ਕਰਨੀ ਸੀ ਕਿਉਂਕਿ ਐੱਨ ਟੀ ਟੀ ਆਰ ਇਸ ਬਾਰੇ ਅਧਿਐਨ ਕਰ ਕੇ ਆਪਣੀ ਸਿਫ਼ਾਰਸ਼ ਦੇ ਚੁੱਕੀ ਸੀ। ਸਿਆਸੀ ਲੀਡਰਾਂ ਦੇ ਜੁੱਤੀਚੱਟ ਬਣੇ ਬਹੁਤੇ ਸੜਕ ਬਣਾਊ ਠੇਕੇਦਾਰ ਪਹਿਲਾਂ ਤੋਂ ਪਾਈ ਗਈ ਸੜਕ ‘ਤੇ ਮਟੀਰੀਅਲ ਪਾ ਕੇ ਮੁੜ ਮੁਰੰਮਤ ਕਰ ਦਿੰਦੇ ਹਨ!! ਤੱਥ ਹੈ ਕਿ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਜਦੋਂ ਵੀ ਸੜਕ ਦੀ ਮੁੜ ਮੁਰੰਮਤ ਕੀਤੀ ਜਾਂਦੀ ਹੈ ਤਾਂ ਇਸ ਦਾ ਹੰਢਣ ਵਰ੍ਹਾ ਪੰਜ ਸਾਲ ਦਾ ਮੰਨਿਆ ਜਾਂਦਾ ਹੈ. ਪੰਜ ਸਾਲਾਂ ਬਾਅਦ ਹੀ ਸੜਕਾਂ ਦੀ ਮੁਰੰਮਤ ਕਰਨ ਸਬੰਧੀ ਕੰਮ ਦਾ ਟੈਂਡਰ ਕੱਢਿਆ ਜਾਂਦਾ ਹੈ ਪਰ ਸੜਕਾਂ ਵਿਚ ਕਈ ਵਾਰ ਘਟੀਆ ਮਾਲ ਵਰਤਿਆ ਹੋਣ ਕਰ ਕੇ ਸੜਕ ਬਣਦੇ ਸਾਰ ਟੁੱਟ ਜਾਂਦੀ ਰਹੀ।
5 ਸਾਲ ਤੋਂ ਪਹਿਲਾਂ ਸੜਕ ਟੁੱਟਣ ‘ਤੇ ਉਸ ਦੀ ਮੁੜ ਮੁਰੰਮਤ ਨਹੀਂ ਕੀਤੀ ਜਾਂਦੀ ਸੀ, ਉਸ ਦਾ ਪੰਜ ਸਾਲ ਦਾ ਵਕ਼ਤ ਪੂਰਾ ਹੋਣ ਲਈ ਇੰਤਜ਼ਾਰ ਕੀਤਾ ਜਾਂਦਾ ਰਿਹਾ ਹੈ। ਠੱਗੇ ਗਏ ਲੋਕ, ਅਫਸਰਾਂ ਤੇ ਕੌਂਸਲਰਾਂ ਨਾਲ ਹੀ ਮੱਥਾ ਮਾਰਦੇ ਰਹਿੰਦੇ ਸਨ। ਇਸ ਲਈ ਨਗਰ ਨਿਗਮ ਨੇ ਪਹਿਲੀ ਵਾਰ ਇਹ ਸ਼ਰਤ ਸ਼ਾਮਲ ਕੀਤੀ ਸੀ ਕਿ ਜਿਹੜਾ ਠੇਕੇਦਾਰ ਸੜਕਾਂ ਦੀ ਮੁਰੰਮਤ ਕਰੇਗਾ, ਉਹੀ ਬੰਦਾ 5 ਸਾਲ ਇਸ ਦੀ ਦੇਖ-ਰੇਖ ਕਰੇਗਾ. ਐੱਨ ਟੀ ਟੀ ਆਰ ਦੀ ਸਿਫ਼ਾਰਸ਼ ਨਾਲ 38 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁੜ ਮੁਰੰਮਤ ਸਬੰਧੀ ਟੈਂਡਰ ਕੱਢੇ ਗਏ ਸਨ. ਇਸ ਸਖ਼ਤੀ ਲਈ ਮੇਅਰ ਰਾਜ ਬਾਲਾ ਮਲਕ ਨੂੰ ਤਾਰੀਫਾਂ ਮਿਲੀਆਂ ਸਨ, ਹੁਣ ਨਵੇਂ ਮੇਅਰ ਜੀਤੀ ਸਿੱਧੂ ਤੋਂ ਲੋਕਾਂ ਨੂੰ ਆਸਾਂ ਨੇ।
ਸੋਚਣ ਵਾਲੀ ਗੱਲ ; ਕਰੱਪਟ ਠੇਕੇਦਾਰਾਂ ਦੀ ਲੁੱਟ ਕਿਵੇਂ ਕੀਤੀ ਬੰਦ?
ਖੋਜੀ ਪੱਤਰਕਾਰਾਂ ਦਾ ਕਹਿਣਾ ਹੈ ਕਿ ਜੇ ਕਿਤੇ ਪੰਜਾਬ ਸਰਕਾਰ ਇਹ ਸਕੀਮ ਅਪਣਾਅ ਲਵੇ ਤੇ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਇਹ ਅਦੇਸ਼ ਕਰ ਦਵੇ ਤਾਂ ਪੰਜਾਬ ਦੀਆਂ ਸੜਕਾਂ ਬਣਾਉਣ ਦੇ ਟੈਂਡਰਾਂ ਉੱਤੇ ਕੁੰਡਲੀ ਮਾਰ ਕੇ ਬੈਠੇ ਕਰੱਪਟ ਠੇਕੇਦਾਰ ਲਾਣੇ ਨੂੰ ਅਰਾਮ ਨਾਲ ਨੱਥ ਪਾਈ ਜਾ ਸਕਦੀ ਹੈ. ਆਸ ਕਰਦੇ ਹਾਂ ਕਿ # ਪੰਜਾਬ ਦੇ ਸਥਾਨਕ ਸਰਕਾਰਾਂ ਮਹਿਕਮੇ ਦਾ ਮੰਤਰੀ ਏਧਰ ਕੰਨ ਧਰੇਗਾ। ਚੰਡੀਗੜ੍ਹ ਨਗਰ ਨਿਗਮ ਨੇ ਦੋ ਸਾਲ ਪਹਿਲਾਂ ਇਹ ਸਕੀਮ ਬਣਾਈ ਤੇ ਲਾਗੂ ਕਰ ਕੇ ਸਿਸਟਮ ਦੇ ਕਈ ਨੁਕਸ ਦੂਰ ਕੀਤੇ। ਹਾਲਾਂਕਿ ਕਈ ਪੁਰਾਣੇ ਘਾਗ ਠੇਕੇਦਾਰ ਹਾਲੇ ਵੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਟੈਕਸ ਨੂੰ ਚਟਮ ਕਰ ਰਹੇ ਹਨ ਉਹ ਵੀ ਜਲਦੀ ਹੀ ਬੇਨਕਾਬ ਹੋ ਸਕਦੇ ਨੇ।
ਕੌਣ ਹਨ ਬਹੁਤੇ ਸੜਕੀ ਠੇਕੇਦਾਰ?
ਖੋਜੀ ਪੱਤਰਕਾਰਾਂ ਦਾ ਦਾਅਵਾ ਹੈ ਕਿ ਪੰਜਾਬ ਵਿਚ ਸੜਕਾਂ ਬਣਾਉਣ ਦੇ ਬਹੁਤੇ ਠੇਕੇ, ਓਹੀ ਠੇਕੇਦਾਰ ਲੈਂਦੇ ਹਨ, ਜਿਹੜੇ ਕਿਸੇ ਕਾਮਯਾਬ ਸਿਆਸੀ ਨੇਤਾ ਦੇ ਚਮਚੇ ਹੁੰਦੇ ਹਨ। ਮਿਸਾਲ ਦੇ ਤੌਰ ਉੱਤੇ ਦੇਖ ਸਕਦੇ ਹਾਂ ਕਿ ਪੰਜਾਬ ਵਿਚ ਸੜਕਾਂ ਬਣਾਉਣ ਦਾ ਕੰਮ ਰਾਤ ਵੇਲੇ ਪ੍ਰਵਾਨ ਹੈ ਪਰ ਬਹੁਤੇ ਠੇਕੇਦਾਰ ਇੰਝ ਨਈ ਕਰਦੇ। ਉਹ ਅਵਰਗਰਦ ਅਤੇ ਗੁੰਡਾ ਰਿਕਾਰਡ ਵਾਲੇ ਛੋਕਰਿਆਂ ਨੂੰ ਆਪਣੇ ਨਾਲ ਜੋੜਦੇ ਨੇ ਅਤੇ ਸੜਕਾਂ ਸ਼ਾਮ ਵੇਲੇ ਬਣਾਉਂਦੇ ਨੇ।
ਜਦੋਂ ਕੋਈ ਵਿਅਕਤੀ ਆਪਣਾ ਕੰਮ ਧੰਦਾ ਕਰਕੇ ਘਰ, ਵਾਪਸ ਜਾ ਰਿਹਾ ਹੁੰਦਾ ਹੈ ਤਾਂ ਇਹ ਗੁੰਡੇ ਨੌਕਰ, ਸੜਕਾਂ ਜਾਮ ਕਰ ਕੇ ਨਵੀਂ ਸੜਕ ਬਣਾਉਣ ਦੇ ਕੰਮ ਦੀ ਨਿਗਰਾਨੀ ਕਰਦੇ ਹੁੰਦੇ ਹਨ। ਜਿਹੜੇ ਦਿਹਾੜੀਦਾਰ ਰਾਜ ਮਿਸਤਰੀ, ਮਜ਼ਦੂਰ, ਪੱਤਰਕਾਰ, ਕੰਮਪਿਊਟਰ ਕਾਮੇ ਵਗੈਰਾ ਉਸ ਸੜਕ ਤੋਂ ਲੰਘਦੇ ਹਨ, ਓਹਨਾਂ ਨੂੰ ਧਮਕਾਅ ਕੇ , ਦੂਰ ਦੁਰਾਡੇ ਦੀ ਸੜਕ ਵੱਲ ਭੇਜ ਦਿੰਦੇ ਹਨ। ਪੁਲਿਸ ਮਹਿਕਮੇ ਦੇ ਮੁਲਾਜ਼ਮ ਲਾਗੇ ਨਾ ਦਿਸਣ ਕਰ ਕੇ ਲੋਕ, ਠੇਕੇਦਾਰ ਮਾਫੀਆ ਦੇ ਗੁੰਡਿਆਂ ਹੱਥੋਂ ਜ਼ਲੀਲ ਹੋ ਕੇ ਘਰ ਪਰਤਦੇ ਹਨ। ਲੋਕ ਦੱਸਦੇ ਹਨ ਕਿ ਕਈ ਸ਼ਰਾਬ ਵਪਾਰੀ, ਸੜਕਾਂ ਬਣਾਉਣ ਦੇ ਟੈਂਡਰ ਹਥਿਆਅ ਲੈਂਦੇ ਹਨ, ਕਿਉਂਜੋ ਉਹ ਕਿਸੇ ਤਾਕ਼ਤਵਰ ਸਿਆਸੀ ਬੰਦੇ ਦੇ ਚਮਚੇ ਹੁੰਦੇ ਨੇ, ਇਹ ਸੜਕ ਠੇਕੇਦਾਰ ਖੁਦ ਕਦੇ ਵੀ, ਸੜਕਾਂ ਬਣਨ ਦੇ ਕੰਮਾਂ ਦੀ ਨਿਗਰਾਨੀ ਨਹੀਂ ਕਰਦੇ ਬਲਕਿ ਸਥਾਨਕ ਗੁੰਡਿਆਂ ਨੂੰ ਕੱਚਾ ਰੁਜ਼ਗਾਰ ਦੇ ਕੇ, ਨਾਲ ਜੋੜ ਲੈਂਦੇ ਹਨ। ਇਹ ਬਦਮਾਸ਼ ਅਨਸਰ ਜਿਥੇ ਮਜ਼ਦੂਰਾਂ ਨੂੰ ਡਰਾ ਕੇ, ਕੰਮ ਲੈਂਦੇ ਹਨ ਓਥੇ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਦਬਕੇ ਮਾਰ ਕੇ, ਕਿਸੇ ਹੋਰ ਸੜਕ ਦੇ ਰਾਹ ਪਾ ਦਿੰਦੇ ਹਨ।
ਵੋਟ ਬੈਂਕ ਭਾਲਦੇ ਸਿਆਸੀ ਬੰਦੇ ਹਨ ਜਿੰਮੇਵਾਰ
ਸ਼ਬਦਕੋਸ਼ ਮੁਤਾਬਕ “ਨੇਤਾ”, “ਆਗੂ”, ਜਾਂ “ਲੀਡਰ” ਦਾ ਅਰਥ ਅਗਵਾਈ ਦੇਣ ਵਾਲਾ ਹੁੰਦਾ ਹੈ ਜਦਕਿ ਭਾਰਤ ਵਿਚ ਇਸ ਲਫ਼ਜ਼ ਦੇ ਮਤਲਬ, ਬਦਲ ਦਿੱਤੇ ਗਏ ਹਨ। ਭਾਰਤੀ ਪੰਜਾਬ ਵਿਚ ਕਈ ਵਿਧਾਨ ਸਭਾ ਮੈਂਬਰ, ਮੰਤਰੀ ਵਗੈਰਾ ਹੀ ਸੜਕੀ ਠੇਕੇ, ਹੜੱਪ ਕਰ ਰਹੇ ਹਨ। ਖੁਦ , ਕੰਮ ਦਾ ਤਜ਼ਰਬਾ ਨਾ ਹੋਣ ਕਾਰਨ, ਕਿਸੇ ਠੇਕੇਦਾਰ ਨੂੰ ਇਹ ਕੰਮ ਦੇ ਦਿੰਦੇ ਹਨ। ਇਹੋ ਜਿਹੇ ਅਨਾੜੀ ਸੜਕੀ ਠੇਕੇਦਾਰ ਹੀ ਅਵਾਰਾ, ਸੜਕਛਾਪ ਤੇ ਬਦਮਾਸ਼ ਅਨਸਰਾਂ ਨੂੰ ਸੜਕ ਉਸਾਰੀ ਦਾ ਕੰਮ ਸੌਂਪ ਦਿੰਦੇ ਹਨ।
*ਸੰਪਰਕ : ਸਰੂਪ ਨਗਰ ਸਟ੍ਰੀਟ, ਰਾਊਵਾਲੀ, ਐੱਨ ਐੱਚ44, ਜਲੰਧਰ।