ਚੰਡੀਗੜ੍ਹ ਦੇ ਨਵੇਂ ਮੇਅਰ ਲਈ 10 ਜਨਵਰੀ ਨੂੰ ਹੋ ਰਹੀਆਂ ਚੋਣਾਂ ਦੌਰਾਨ ਸ਼ਹਿਰ ਦੇ 26ਵੇਂ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਜਾਣਗੇ। ਨਿਗਮ ਸਦਨ ਹਾਲ ਵਿੱਚ ਸਵੇਰੇ 11 ਵਜੇ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਹਾਕਮ ਧਿਰ ਭਾਜਪਾ-ਅਕਾਲੀ ਗਠਜੋੜ ਦੇ 21 ਕੌਂਸਲਰਾਂ ਸਮੇਤ ਕਾਂਗਰਸ ਪਾਰਟੀ ਦੇ 5 ਕੌਂਸਲਰ ਅਤੇ ਸਥਾਨਕ ਸੰਸਦ ਮੈਂਬਰ ਹਿੱਸਾ ਲੈਣਗੇ।
ਇਨ੍ਹਾਂ ਚੋਣਾਂ ਵਿੱਚ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਕੌਂਸਲਰ ਰਾਜਬਾਲਾ ਮਲਿਕ, ਸੀਨੀਅਰ ਡਿਪਟੀ ਮੇਅਰ ਲਈ ਕੌਂਸਲਰ ਰਵੀਕਾਂਤ ਸ਼ਰਮਾ ਅਤੇ ਡਿਪਟੀ ਮੇਅਰ ਲਈ ਜਗਤਾਰ ਸਿੰਘ ਜੱਗਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦਕਿ ਕਾਂਗਰਸ ਵੱਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਗੁਰਬਕਸ਼ ਕੌਰ ਰਾਵਤ, ਸੀਨੀਅਰ ਡਿਪਟੀ ਮੇਅਰ ਲਈ ਸ਼ੀਲਾ ਫੂਲ ਸਿੰਘ ਅਤੇ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਹਾਕਮ ਧਿਰ ਭਾਜਪਾ ਦੇ ਜਿੱਤ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਪਰ ਪਾਰਟੀ ਦੇ ਕਥਿਤ ਅੰਦਰੂਨੀ ਫੁੱਟ ਅਤੇ ਗੁੱਟਬਾਜ਼ੀ ਕਾਰਨ ਪਾਰਟੀ ਦੇ ਮੋਹਰੀ ਆਗੂਆਂ ਵੱਲੋਂ ਕੌਂਸਲਰਾਂ ਨਾਲ ਮੀਟਿੰਗ ਦਾ ਦੌਰ ਅੱਜ ਪੂਰਾ ਦਿਨ ਜਾਰੀ ਰਿਹਾ। ਇਨ੍ਹਾਂ ਮੀਟਿੰਗਾਂ ਦੌਰਾਨ ਪਹਿਲਾਂ ਪ੍ਰਦੇਸ਼ ਭਾਜਪਾ ਦੇ ਸੈਕਟਰ-33 ਸਥਿਤ ਦਫਤਰ ਕਮਲਮ ਵਿੱਚ ਸੰਸਦ ਕਿਰਨ ਖੇਰ ਅਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੰਜੈ ਟੰਡਨ ਸਮੇਤ ਪਾਰਟੀ ਦੇ ਜਥੇਬੰਦਕ ਮੰਤਰੀ ਦਿਨੇਸ਼ ਨੇ ਨਿਗਮ ਕੌਂਸਲਰਾਂ ਨੂੰ ਇੱਕਜੁੱਟ ਹੋਣ ਦੀ ਨਸੀਹਤ ਦਿੱਤੀ। ਉਸ ਤੋਂ ਬਾਅਦ ਸ਼ਾਮ ਦੀ ਚਾਹ ਲਈ ਸਾਰੇ ਕੌਂਸਲਰਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੀ ਰਿਹਾਇਸ਼ ’ਤੇ ਸੱਦਿਆ ਤੇ ਉਥੇ ਵੀ ਪਾਰਟੀ ਦੀ ਏਕਤਾ ਬਾਰੇ ਗੱਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਚਾਹ ਪਾਰਟੀ ਵਿੱਚ ਭਾਜਪਾ ਦੀਆਂ ਦੋ ਮਹਿਲਾ ਕੌਂਸਲਰਾਂ ਚੰਦਰਾਵਤੀ ਸ਼ੁਕਲਾ ਅਤੇ ਫਰਮਿਲਾ ਗ਼ੈਰ-ਹਾਜ਼ਰ ਰਹੀਆਂ। ਸੂਤਰਾਂ ਅਨੁਸਾਰ ਸਾਰੇ ਕੌਂਸਲਰਾਂ ਨੂੰ ਆਪਣੀ ਵੋਟ ਪਾਉਣ ਤੋਂ ਬਾਅਦ ਇਸ ਸਬੰਧੀ ਪਛਾਣ ਚਿੰਨ੍ਹ ਦੱਸਣ ਦੇ ਵੀ ਨਿਰਦੇਸ਼ ਦਿੱਤੇ ਗਏ। ਇਸ ਵਾਰ ਮੇਅਰ ਦਾ ਅਹੁਦਾ ਜਨਰਲ ਵਰਗ ਦੇ ਮਹਿਲਾ ਕੌਂਸਲਰ ਲਈ ਰਾਖਵਾਂ ਹੈ। ਭਾਜਪਾ ਨੇ ਇਸ ਅਹੁਦੇ ਲਈ ਆਪਣੀ ਕੌਂਸਲਰ ਰਾਜਬਾਲਾ ਮਲਿਕ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਰਾਜਬਾਲਾ ਮਲਿਕ ਦੇ ਨਾਮ ਦੇ ਮੇਅਰ ਦੇ ਅਹੁਦੇ ਲਈ ਐਲਾਨ ਨਾਲ ਹੀ ਇਸ ਅਹੁਦੇ ਲਈ ਦੌੜ ਵਿੱਚ ਸ਼ਾਮਲ ਮਹਿਲਾ ਕੌਂਸਲਰਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ। ਕੌਂਸਲਰ ਚੰਦਰਾਵਤੀ ਸ਼ੁਕਲਾ ਅਤੇ ਹੀਰਾ ਨੇਗੀ ਇਸ ਮਸਲੇ ’ਤੇ ਖੁੱਲ੍ਹ ਕੇ ਸਾਹਮਣੇ ਆ ਗਈਆਂ ਸਨ ਅਤੇ ਨਾਮਜ਼ਦਗੀ ਵੇਲੇ ਦੋਵਾਂ ਵੱਲੋਂ ਪਾਰਟੀ ਆਗੂਆਂ ਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਨਾ ਬਣਾਏ ਜਾਣ ਨੂੰ ਲੈ ਕੇ ਆਪਣਾ ਰੋਸ ਜ਼ਾਹਿਰ ਕੀਤਾ ਸੀ।
ਦੱਸਣਯੋਗ ਹੈ ਕਿ ਹਾਕਮ ਧਿਰ ਭਾਜਪਾ ਦੇ ਸਥਾਨਕ ਸੰਸਦ ਮੈਂਬਰ ਦੇ ਵੋਟ ਨੂੰ ਮਿਲਾ ਕੇ ਕੁਲ 22 ਵੋਟਾਂ ਹਨ ਜਦਕਿ ਵਿਰੋਧੀ ਧਿਰ ਕਾਂਗਰਸ ਕੋਲ ਸਿਰਫ 5 ਵੋਟਾਂ ਹਨ। ਭਲਕੇ ਹੋਣ ਵਾਲੀਆਂ ਚੋਣਾਂ ਵਿੱਚ ਪਹਿਲਾਂ ਮੇਅਰ ਦੇ ਅਹੁਦੇ ਲਈ ਚੋਣ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਕੌਂਸਲਰਾਂ ਦੀਆਂ ਵੋਟਾਂ ਪੁਆਈਆਂ ਜਾਣਗੀਆਂ।
INDIA ਚੰਡੀਗੜ੍ਹ ਨਿਗਮ ਦੇ ਮੇਅਰ ਲਈ ਵੋਟਾਂ ਅੱਜ