ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬੀ ਬੋਲਦੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਉਜਾੜ ਕੇ ਵਸਾਏ ਗਏ ਅਤਿ-ਆਧੁਨਿਕ ਸ਼ਹਿਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਯੂ.ਟੀ. ਪ੍ਰਸ਼ਾਸਨ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਤਾਂ ਪਹਿਲਾਂ ਹੀ ਦਰਕਿਨਾਰ ਕੀਤਾ ਹੋਇਆ ਹੈ ਪ੍ਰੰਤੂ ਹੁਣ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 38-ਵੈਸਟ (ਡੱਡੂਮਾਜਰਾ ਕਲੋਨੀ) ਵਿੱਚ ਵੀ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਕੂਲ ਵਿੱਚ ਪ੍ਰਿੰਸੀਪਲ ਵੱਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਗਿਆਰ੍ਹਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਆਏ ਨਵੇਂ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਨ ਤੋਂ ਕਥਿਤ ਤੌਰ ’ਤੇ ਨਾਂਹ ਕਰਦਿਆਂ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਪੜ੍ਹਨ ਲਈ ਕਿਹਾ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸਕੂਲ ਦੇ ਪ੍ਰਾਸਪੈਕਟਸ ਵਿੱਚ ਪੰਜਾਬੀ ਭਾਸ਼ਾ ਸ਼ਾਮਲ ਨਹੀਂ ਕੀਤੀ ਗਈ ਹੈ।
ਹਾਲਾਂਕਿ ਇਸੇ ਸਕੂਲ ਵਿੱਚ 12ਵੀਂ ਜਮਾਤ ਦੇ ਬੱਚੇ ਪੰਜਾਬੀ ਵਿਸ਼ਾ ਪੜ੍ਹ ਰਹੇ ਹਨ ਪ੍ਰੰਤੂ ਗਿਆਰ੍ਹਵੀਂ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵਿਸ਼ੇ ਵਿੱਚ ਦਾਖਲਾ ਨਾ ਮਿਲਣ ਤੋਂ ਪੰਜਾਬੀ ਪੜ੍ਹਨ ਵਾਲੇ ਬੱਚੇ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਦਾਖਲਾ ਲੈਣ ਦੀ ਅੰਤਿਮ ਤਰੀਕ 15 ਅਕਤੂਬਰ ਨੇੜੇ ਹੋਣ ਕਰਕੇ ਬੱਚਿਆਂ ਦੀ ਪ੍ਰੇਸ਼ਾਨੀ ਹੋਰ ਜ਼ਿਆਦਾ ਵਧ ਰਹੀ ਹੈ। ਪੰਜਾਬੀ ਵਿਸ਼ਾ ਲੈਣ ਸਬੰਧੀ ਦੋ ਦਰਜਨ ਦੇ ਕਰੀਬ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਪ੍ਰਿੰਸੀਪਲ ਨਾਲ ਕਈ ਵਾਰੀ ਮੁਲਾਕਾਤ ਕੀਤੀ ਅਤੇ ਪੰਜਾਬੀ ਵਿਸ਼ਾ ਲੈਣ ਦੀ ਮੰਗ ਕੀਤੀ ਹੈ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ।
ਮਾਮਲੇ ਬਾਰੇ ਪਤਾ ਕਰਾਂਗੇ: ਡੀਪੀਆਈ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 38-ਵੈਸਟ (ਡੱਡੂਮਾਜਰਾ ਕਲੋਨੀ) ਵਿੱਚ ਪੰਜਾਬੀ ਵਿਸ਼ੇ ਵਿੱਚ ਬੱਚਿਆਂ ਨੂੰ ਦਾਖਲਾ ਨਾ ਦਿੱਤੇ ਜਾਣ ਸਬੰਧੀ ਡੀ.ਪੀ.ਆਈ. (ਸਕੂਲਜ਼) ਐੱਚ.ਪੀ.ਐੱਸ. ਬਰਾੜ ਨੇ ਕਿਹਾ ਕਿ ਅਜਿਹੀ ਕੋਈ ਰੋਕ ਨਹੀਂ ਹੈ ਪਰ ਫਿਰ ਉਹ ਪਤਾ ਲਗਾਉਣਗੇ ਕਿ ਕਿਉਂ ਰੋਕਿਆ ਜਾ ਰਿਹਾ ਹੈ।
ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਨਿੰਦਾ
ਚੰਡੀਗੜ੍ਹ ਪੰਜਾਬੀ ਮੰਚ ਦੇ ਅਹੁਦੇਦਾਰਾਂ ਵਿੱਚ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਸਕੂਲ ਵਿੱਚ ਪੰਜਾਬੀ ਭਾਸ਼ਾ ਪੜ੍ਹਨ ਤੋਂ ਰੋਕਿਆ ਗਿਆ ਤਾਂ ਮੰਚ ਇਸ ਨੂੰ ਗੰਭੀਰਤਾ ਨਾਲ ਲਵੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly