ਚੰਡੀਗੜ੍ਹ (ਸਮਾਜਵੀਕਲੀ) – ਚੰਡੀਗੜ੍ਹ ਵਿੱਚ ਸਭ ਤੋਂ ਪਹਿਲੀ ਕਰੋਨਾ ਪਾਜ਼ੇਟਿਵ ਮਰੀਜ਼ ਫਿਜ਼ਾ ਗੁਪਤਾ ਨੇ ਹਾਲ ਹੀ ਵਿੱਚ ਕਰੋਨਾ ਨੂੰ ਮਾਤ ਦਿੱਤੀ ਸੀ। ਉਹ ਸੈਕਟਰ-21 ਦੀ ਵਸਨੀਕ ਹੈ ਤੇ ਉਸ ਦਾ ਪੀਜੀਆਈ ਵਿਚ ਇਲਾਜ ਹੋਇਆ ਸੀ। ਸਿਹਤਮੰਦ ਹੋਣ ਉਪਰੰਤ ਉਹ ਘਰ ਚਲੀ ਗਈ ਸੀ।
ਇਸੇ ਦੌਰਾਨ ਉਹ ਟਰਾਈਸਿਟੀ ਦੀ ਸਭ ਤੋਂ ਪਹਿਲੀ ਪਲਾਜ਼ਮਾ ਦਾਨੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਉਸ ਦੇ ਭਰਾ ਅਰਨਵ ਗੁਪਤਾ ਨੇ ਵੀ ਪਲਾਜ਼ਮਾ ਡੋਨੇਟ ਕੀਤਾ ਹੈ। ਪੀਜੀਆਈ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਪਲਾਜ਼ਮਾ ਟਰਾਇਲ ਲਈ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਉਪਰੰਤ ਸਵੈ-ਇੱਛਤ ਤੌਰ ’ਤੇ ਇਹ ਭੈਣ-ਭਰਾ ਪਲਾਜ਼ਮਾ ਡੇਨੇਟ ਕਰਨ ਲਈ ਅੱਗੇ ਆਏ। ਇਸੇ ਦੌਰਾਨ ਉਨ੍ਹਾਂ ਦੇ ਕਲੀਨੀਕਲ ਟੈਸਟ ਵੀ ਕੀਤੇ ਗਏ। ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਇਨ੍ਹਾਂ ਦੋਵੇਂ ਪਲਾਜ਼ਮਾ ਦਾਨੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਟਰਾਈਸਿਟੀ ਵਿੱਚ ਸਿਹਤਮੰਦ ਹੋ ਚੁੱਕੇ ਕਰੋਨਾਵਾਇਰਸ ਪਾਜ਼ੇਟਿਵ ਲੋਕਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪਲਾਜ਼ਮਾ ਦਾਨ ਕਰਨ ਦੇ ਇਛੁੱਕ ਵਿਅਕਤੀ ਪੀਜੀਆਈ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਡਾ. ਸੁਚੇਤ ਸਹਿਦੇਵ ਨੂੰ 70870-09487 ਤੇ 94639-61690 ਉੱਤੇ ਸੰਪਰਕ ਕਰ ਸਕਦੇ ਹਨ।