ਚੰਡੀਗੜ੍ਹ ਹਾਊਸਿੰਗ ਬੋਰਡ ਇਥੇ ਰਾਜੀਵ ਗਾਂਧੀ ਤਕਨੀਕੀ ਪਾਰਕ (ਆਈਟੀ ਪਾਰਕ) ਵਿੱਚ ਸੁਪਰ ਲਗਜ਼ਰੀ ਫਲੈਟਾਂ ਬਾਰੇ ਸਕੀਮ ਲਾਂਚ ਕਰਨ ਦੀ ਤਿਆਰੀ ਵਿਚ ਹੈ। ਬੋਰਡ ਵੱਲੋਂ ਇਥੇ ਸੱਤ-ਮੰਜ਼ਿਲਾ ਟਾਵਰ ਵਿਚ ਫਲੈਟ ਬਣਾਏ ਜਾਣਗੇ ਅਤੇ ਅਗਲੇ ਮਹੀਨੇ ਇਹ ਸਕੀਮ ਲਾਂਚ ਕੀਤੀ ਜਾ ਸਕਦੀ ਹੈ। ਬੋਰਡ ਵਲੋਂ ਲੰਮੇਂ ਸਮੇਂ ਬਾਅਦ ਚੰਡੀਗੜ੍ਹ ਵਿਚ ਲਗਜ਼ਰੀ ਫਲੈਟ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਦੀ ਇਸ ਯੋਜਨਾ ਅਨੁਸਾਰ ਆਈਟੀ ਪਾਰਕ ਵਿੱਚ 123 ਏਕੜ ਜ਼ਮੀਨ ਵਿੱਚੋਂ 17 ਏਕੜ ਦੀਆਂ ਦੋ ਸਾਈਟਾਂ ਉੱਤੇ 1100 ਫਲੈਟ ਬਣਾਏ ਜਾਣਗੇ। ਸੂਤਰਾਂ ਅਨੁਸਾਰ ਇਨ੍ਹਾਂ ਫਲੈਟਾਂ ਦੀ ਉਸਾਰੀ ਲਈ ਹਾਊਸਿੰਗ ਬੋਰਡ ਵਲੋਂ ਤਾਇਨਾਤ ਕੰਸਲਟੈਂਟ ਨੇ ਇਨ੍ਹਾਂ ਫਲੈਟਾਂ ਦਾ ਡਿਜ਼ਾਈਨ ਤਿਆਰ ਕਰ ਕੇ ਪ੍ਰਾਜੈਕਟ ਰਿਪੋਰਟ ਬੋਰਡ ਅਧਿਕਾਰੀਆਂ ਨੂੰ ਦਾਖਲ ਕਰਵਾ ਦਿੱਤੀ ਹੈ ਜੋ ਕਿ ਫਾਈਨਲ ਹੋ ਚੁੱਕੀ ਹੈ। ਇਸ ਰਿਪੋਰਟ ਤੋਂ ਬਾਅਦ ਚੰਡੀਗੜ੍ਹ ਹਾਊਸਿੰਗ ਬੋਰਡ ਅਗਲੇ ਮਹੀਨੇ ਇਸ ਆਧੁਨਿਕ ਪ੍ਰੋਜੈਕਟ ਦੀ ਸਕੀਮ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਬੋਰਡ ਸੂਤਰਾਂ ਅਨੁਸਾਰ ਸਕੀਮ ਲਾਂਚ ਹੋਣ ਤੋਂ ਬਾਅਦ ਇਥੇ ਫਲੈਟਾਂ ਦੀ ਉਸਾਰੀ ਦੇ ਕਾਰਜ ਸ਼ੁਰੂ ਹੋ ਜਾਣਗੇ। ਦੱਸਣਯੋਗ ਹੈ ਕਿ ਆਈਟੀ ਪਾਰਕ ਚੰਡੀਗੜ੍ਹ ਵਿੱਚ ਸਭ ਤੋਂ ਪ੍ਰਾਈਮ ਲੋਕੇਸ਼ਨ ’ਤੇ ਸਥਿਤ ਹੈ। ਇਸ ਕਾਰਨ ਇਹ ਫਲੈਟ ਆਪਣੇ-ਆਪ ਵਿੱਚ ਖਾਸ ਹੋਣਗੇ। ਇਨ੍ਹਾਂ ਦੋਵਾਂ ਸਾਈਟਾਂ ’ਤੇ ਸੱਤ ਮੰਜ਼ਿਲਾਂ ਵਿੱਚ ਕੁਲ 1100 ਫਲੈਟ ਬਣਾਏ ਜਾਣਗੇ। ਇਨ੍ਹਾਂ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਇੱਕ ਕਮਰੇ ਦੇ ਫਲੈਟ ਸਮੇਤ ਟੂ-ਬੀਐਚਕੇ ਅਤੇ ਥ੍ਰੀ-ਬੀਐਚਕੇ ਫਲੈਟਸ ਬਣਾਏ ਜਾਣਗੇ। ਇਨ੍ਹਾਂ ਫਲੈਟਾਂ ਦੇ ਵਾਸੀਆਂ ਲਈ ਸਵੀਮਿੰਗ ਪੂਲ ਅਤੇ ਜਿਮਨੇਜ਼ੀਅਮ ਵੀ ਹਰ ਬਲਾਕ ਵਿੱਚ ਬਣਾਏ ਜਾਣ ਦੀ ਤਜਵੀਜ਼ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਅਨੁਸਾਰ ਚੰਡੀਗੜ੍ਹ ਦੇ ਮੌਜੂਦਾ ਕਲੈਕਟਰ ਰੇਟ ਦੇ ਹਿਸਾਬ ਨਾਲ ਟੂ-ਬੀਐਚਕੇ ਫਲੈਟ ਦਾ ਰੇਟ ਲਗਪਗ 60 ਲੱਖ ਅਤੇ ਥ੍ਰੀ-ਬੀਐਚਕੇ ਫਲੈਟ ਦਾ ਰੇਟ ਲਗਪਗ 90 ਲੱਖ ਰੁਪਏ ਹੋ ਸਕਦਾ ਹੈ। ਇਹ ਫਲੈਟ 7-ਮੰਜ਼ਿਲਾ ਟਾਵਰ ਵਿੱਚ ਉਸਾਰੇ ਜਾਣਗੇ ਜੋ ਚੰਡੀਗੜ੍ਹ ਵਿੱਚ ਹੁਣ ਤੱਕ ਸਭ ਤੋਂ ਉੱਚੇ ਹੋਣਗੇ। ਇਨ੍ਹਾਂ ਫਲੈਟਾਂ ਲਈ ਬਣਾਈ ਜਾਣ ਵਾਲੀ ਇਮਾਰਤ ਦੀਆਂ ਪਹਿਲੀਆਂ ਛੇ ਮੰਜ਼ਿਲਾਂ ਵਿੱਚ ਫਲੈਟ ਹੋਣਗੇ ਜਦੋਂ ਕਿ 7ਵੀ ਮੰਜ਼ਿਲ ਏਅਰ ਕੰਡੀਸ਼ਨਰ ਅਤੇ ਹੋਰ ਸਹੂਲਤਾਂ ਲਈ ਬਣਾਈ ਜਾਵੇਗੀ। ਹਾਲਾਂਕਿ ਪਹਿਲਾਂ ਇਨ੍ਹਾਂ ਫਲੈਟਾਂ ਦੀ ਇਮਾਰਤ ਦੀ ਉਚਾਈ ਨੂੰ ਲੈ ਕੇ ਮਨਜ਼ੂਰੀ ਨਾ ਮਿਲਣ ਦੀ ਗੱਲ ਕਹੀ ਜਾ ਰਹੀ ਸੀ ਪਰ ਬੋਰਡ ਅਧਿਕਾਰੀਆਂ ਦਾ ਮੰਨਣਾ ਹੈ ਕਿ ਮਨਜ਼ੂਰੀ ਪਹਿਲਾਂ ਤੋਂ ਹੀ ਲਈ ਜਾ ਚੁੱਕੀ ਹੈ।
INDIA ਚੰਡੀਗੜ੍ਹ ਦੇ ਆਈਟੀ ਪਾਰਕ ਵਿੱਚ ਉਸਾਰੇ ਜਾਣਗੇ ਸੁਪਰ ਲਗਜ਼ਰੀ ਫਲੈਟ