ਚੰਡੀਗੜ੍ਹ- ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 99 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਸਬੰਧੀ ਚੰਡੀਗੜ੍ਹ ਸੈਰ ਸਪਾਟਾ ਵਿਭਾਗ ਵੱਲੋਂ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨਾਲ ਮੀਟਿੰਗ ਕਰਕੇ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਯੋਜਨਾ ਨੂੰ ਸਲਾਹਕਾਰ ਪਰੀਦਾ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਬੈਠਕ ’ਚ ਸ੍ਰੀ ਪਰੀਦਾ ਨੇ ਇਸ ਯੋਜਨਾ ਨੂੰ ਤਿਆਰ ਕਰਕੇ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਕੇਂਦਰੀ ਸੈਰ-ਸਪਾਟਾ ਵਿਭਾਗ ਨੂੰ ਭੇਜਣ ਬਾਰੇ ਕਿਹਾ ਹੈ।
ਸੈਰ-ਸਪਾਟਾ ਵਿਭਾਗ ਵੱਲੋਂ ਇਸ ਯੋਜਨਾ ਤਹਿਤ ਸੁਖਨਾ ਝੀਲ ’ਤੇ ਵਾਟਰ ਸਪੋਰਟਸ ਨੂੰ ਉਤਸ਼ਾਹਿਤ ਕਰਦਿਆਂ ਰੋਇੰਗ ਮੁਕਾਬਲੇ ਕਰਵਾਉਣ ਤੇ ਹਾਈ ਸਪੀਡ ਕਿਸ਼ਤੀਆਂ ਚਲਾਉਣ ਦੀ ਯੋਜਨਾ ਹੈ। ਇਸੇ ਤਰ੍ਹਾਂ ਕਲਾਗ੍ਰਾਮ ’ਚ ਚੰਡੀਗੜ੍ਹ ਹੱਟ ਤਿਆਰ ਕਰਨ ਦੀ ਤਜਵੀਜ਼ ਹੈ ਜਿਸ ’ਚ ਸ਼ਿਲਪਕਾਰੀ, ਰਸੋਈ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਭਾਰਤੀ ਕਲਾ ਅਤੇ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਸੁਖਨਾ ਝੀਲ ਕੰਡੇ ਲੀ-ਕਾਰਬੂਜ਼ੀਏ ’ਤੇ ਆਧਾਰਤ ਇਤਿਹਾਸ ਅਤੇ ਆਡੀਓ-ਵਿਜ਼ੁਅਲ ਸ਼ੋਅ ਪੇਸ਼ ਕੀਤਾ ਜਾਵੇਗਾ।
ਇਕ ਹੋਰ ਜਾਣਕਾਰੀ ਅਨੁਸਾਰ ਬੈਟੋਨਿਕਲ ਗਾਰਡਨ ’ਚ ਜ਼ਿਮਨੇਜ਼ਿਅਮ, ਆਸਟ੍ਰੀਅਨ ਟਰਾਲੀ, ਸ਼ੂਟਿੰਗ ਰੇਂਜ, ਦੀਵਾਰ ’ਤੇ ਚੜ੍ਹਾਈ ਅਤੇ ਸੋਨੇ ਦੀ ਖਾਨ ਦੇ ਖਜ਼ਾਨੇ ਦੀ ਭਾਲ ਵਰਗੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਲੀ-ਕਾਰਬੂਜ਼ੀਏ ਸੈਂਟਰ ਅਤੇ ਪੀਅਰ ਜੀਨਰੇਟ ਮਿਊਜ਼ੀਅਮ ਵਿੱਚ ਹੋਲੋਗ੍ਰਾਫਿਕ ਪ੍ਰਦਰਸ਼ਨੀ ਲਗਾਈ ਜਾਏਗੀ ਜਿਸ ਦਾ ਸੈਲਾਨੀ ਖੂਬ ਆਨੰਦ ਮਾਣ ਸਕਣਗੇ।
INDIA ਚੰਡੀਗੜ੍ਹ ’ਚ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ