ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇ ਭਾਜਪਾ ਉਮੀਦਵਾਰ ਤੇ ਸੰਸਦ ਮੈਂਬਰ ਕਿਰਨ ਖੇਰ ਚੰਡੀਗੜ੍ਹ ਤੋਂ ਮੁੜ ਜਿੱਤੇਗੀ ਤਾਂ ਸ਼ਹਿਰ ਵਿਚ ਜਲਦੀ ਹੀ ਇਲੈਕਟ੍ਰਿਕ ਡਬਲ ਡੈਕਰ ਸਕਾਈ ਬੱਸਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਨਾਲ ਚੰਡੀਗੜ੍ਹ ਵਿਚ ਨਾ ਸਿਰਫ ਪ੍ਰਦੂਸ਼ਣ ਘਟੇਗਾ ਸਗੋਂ ਇਨ੍ਹਾਂ ਬੱਸਾਂ ਦਾ ਕਿਰਾਇਆ ਵੀ ਆਮ ਬੱਸਾਂ ਤੋਂ ਘੱਟ ਹੋਵੇਗਾ। ਸ੍ਰੀ ਗਡਕਰੀ ਅੱਜ ਇਥੇ ਸੈਕਟਰ-37 ਸਥਿਤ ਲਾਅ ਭਵਨ ਵਿਚ ਕਿਰਨ ਖੇਰ ਦੇ ਸਮਰਥਨ ’ਚ ਕਰਵਾਏ ਪ੍ਰੋਗਰਾਮ ‘ਪ੍ਰੋਫੈਸ਼ਨਲਜ਼ ਨਾਲ ਰੂਬਰੂ’ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿਚ ਸ਼ਹਿਰ ਦੇ ਬੁੱਧੀਜੀਵੀ, ਸੀਏ, ਲੇਖਾਕਾਰਾਂ, ਵਕੀਲਾਂ, ਪ੍ਰੋਫੈਸਰਾਂ ਸਮੇਤ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਗਡਕਰੀ ਨੇ ਕਿਹਾ ਕਿ ਚੰਡੀਗੜ੍ਹ ਵਿਚ ਡਬਲ ਡੈੱਕਰ ਸਕਾਈ ਬੱਸਾਂ ਨੂੰ ਸ਼ੁਰੂ ਕਰਨ ਦੇ ਪ੍ਰੋਜੈਕਟ ਦੀ ਡੀਪੀਆਰ ਤਿਆਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਦੇਸ਼ ਵਿਚ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇ ਜਿਸ ਦੇ ਚੱਲਦੇ ਸੜਕ ਆਵਾਜਾਈ, ਸਕਾਈ ਟਰਾਂਸਪੋਰਟ ਅਤੇ ਵਾਟਰ ਟਰਾਂਸਪੋਰਟ ਨਾਲ ਸਬੰਧਤ ਵਿਭਾਗਾਂ ਵਿਚ 17 ਲੱਖ ਕਰੋੜ ਦੇ ਵਿਕਾਸ ਦੇ ਕੰਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਫਲਾਈਓਵਰ ਪ੍ਰਾਜੈਕਟ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਸਨ ਪਰ ਸੰਸਦ ਮੈਂਬਰ ਕਿਰਨ ਖੇਰ ਦੀ ਹਿੰਮਤ ਨਾਲ ਇਸ ਨੂੰ ਇਕ ਦਿਨ ਵਿਚ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ 2014 ਵਿਚ ਜਦੋਂ ਉਨ੍ਹਾਂ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਦੇਸ਼ ’ਚ ਔਸਤਨ ਰੋਜ਼ਾਨਾ ਦੋ ਕਿਲੋਮੀਟਰ ਨਵੀਆਂ ਸੜਕਾਂ ਦਾ ਨਿਰਮਾਣ ਹੁੰਦਾ ਸੀ, ਜਿਸ ਨੂੰ ਹੁਣ ਵਧਾ ਕੇ 32 ਕਿਲੋਮੀਟਰ ਰੋਜ਼ਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਟਰਾਂਸਪੋਰਟ ਖੇਤਰ ਵਿਚ ਇਨਕਲਾਬ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਵੱਡਾ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਆਪਣੇ ਸਮੇਂ ਵਿਚ ਬਣਾਈਆਂ ਕੌਮੀ ਸੜਕਾਂ ਵਿਚ ਤੀਸਰੀ ਪੀੜ੍ਹੀ ਤਕ ਵੀ ਖੱਡਾ ਨਹੀਂ ਪਵੇਗਾ। ਉਨ੍ਹਾਂ ਚੰਡੀਗੜ੍ਹ ਨੂੰ ਪ੍ਰਦੂਸ਼ਣ-ਮੁਕਤ ਸ਼ਹਿਰ ਬਣਾਉਣ ਲਈ ਲੋਕਾਂ ਨੂੰ ਡੀਜ਼ਲ ਵਾਹਨਾਂ ਨੂੰ ਤਿਆਗਣ ਦੀ ਅਪੀਲ ਕੀਤੀ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਦੇ ਵਸਨੀਕਾਂ ਨੂੰ ਮਿਲਿਆ ਟ੍ਰਿਬਿਊਨ ਫਲਾਈਓਵਰ ਪ੍ਰਾਜੈਕਟ ਸ੍ਰੀ ਗਡਕਰੀ ਦੀ ਹੀ ਦੇਣ ਹੈ। ਇਸ ਮੌਕੇ ਕਿਰਨ ਖੇਰ ਨੇ ਆਪਣੇ ਪੰਜ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਮੌਕੇ ਭਾਜਪਾ ਦੇ ਸੰਗਠਨ ਮੰਤਰੀ ਦਿਨੇਸ਼ ਸ਼ਰਮਾ, ਉਪ ਪ੍ਰਧਾਨ ਅਤੇ ਚੋਣ ਕਮੇਟੀ ਦੇ ਕੋਆਰਡੀਨੇਟਰ ਰਾਮਵੀਰ ਭੱਟੀ, ਜਨਰਲ ਸਕੱਤਰ ਚੰਦਰ ਸ਼ੇਖਰ ਤੇ ਪ੍ਰੇਮ ਕੌਸ਼ਿਕ, ਕੋਆਰਡੀਨੇਟਰ ਸਤਿੰਦਰ ਸਿੰਘ, ਕੌਂਸਲਰ ਅਤੇ ਸਾਬਕਾ ਮੇਅਰ ਅਰੁਣ ਸੂਦ ਅਤੇ ਅਕਾਲੀ ਆਗੂ ਹਰਦੀਪ ਸਿੰਘ ਬੁਟੇਰਲਾ ਮੌਜੂਦ ਸਨ।
INDIA ਚੰਡੀਗੜ੍ਹ ’ਚ ਚੱਲਣਗੀਆਂ ਡਬਲ ਡੈਕਰ ਇਲੈਕਟ੍ਰਿਕ ਬੱਸਾਂ: ਗਡਕਰੀ