ਚੰਡੀਗੜ੍ਹ (ਸਮਾਜਵੀਕਲੀ) : ਸ਼ਹਿਰ ਵਿੱਚ ਅੱਜ ਕਰੋਨਾ ਦੇ ਕੁੱਲ 13 ਕੇਸ ਸਾਹਮਣੇ ਆਏ ਤੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਸ਼ਹਿਰ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 549 ਜਦਕਿ ਮ੍ਰਿਤਕਾਂ ਦੀ ਗਿਣਤੀ ਅੱਠ ਹੋ ਗਈ ਹੈ। ਸ਼ਹਿਰ ’ਚ ਇਸ ਸਮੇਂ ਕੁੱਲ ਸਰਗਰਮ ਕੇਸ 121 ਹਨ ਤੇ 413 ਮਰੀਜ਼ ਠੀਕ ਹੋ ਚੁੱਕੇ ਹਨ। ਸੈਕਟਰ-52 ਵਾਸੀ ਇਸ ਮ੍ਰਿਤਕ ਵਿਅਕਤੀ ਦੀ ਊਮਰ 40 ਸਾਲ ਸੀ ਤੇ ਸ਼ਰਾਬ ਪੀਣ ਦਾ ਆਦੀ ਸੀ।
ਊਹ ਲੀਵਰ ਦੀ ਬਿਮਾਰੀ ਨਾਲ ਪੀੜਤ ਸੀ। ਉਸ ਨੂੰ ਇਲਾਜ ਲਈ ਸੈਕਟਰ-16 ਸਥਿਤ ਜੀਐੱਮਸੀਐੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਦੀ ਮੌਤ ਮਗਰੋਂ ਕਰੋਨਾ ਟੈਸਟ ਕੀਤਾ ਗਿਆ ਤਾਂ ਊਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਸਿਹਤ ਵਿਭਾਗ ਨੇ ਇਸ ਮੌਤ ਨੂੰ ਕੋਰੋਨਾ ਮਰੀਜ਼ਾਂ ਦੀ ਅੱਠਵੀਂ ਮੌਤ ਵਿੱਚ ਗਿਣਿਆ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਕਰੋਨਾ ਦੇ 13 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਜਿਨ੍ਹਾਂ ਵਿੱਚੋਂ ਬੀਤੇ ਦਿਨ ਪੀਜੀਆਈ ਦੇ ਇਲੈਕਟ੍ਰੀਕਲ ਵਿੰਗ ਦੀ ਮਹਿਲਾ ਅਕਾਉਂਟਸ ਅਫ਼ਸਰ ਦੀ 20 ਸਾਲਾ ਬੇਟੀ ਵੀ ਸ਼ਾਮਲ ਹਨ। ਇਸ ਪ੍ਰਕਾਰ ਬਾਕੀ ਮਰੀਜ਼ਾਂ ਵਿੱਚ ਸੈਕਟਰ 44 ਤੋਂ 17 ਸਾਲਾ ਲੜਕੇ ਸਮੇਤ 44 ਸਾਲਾ ਔਰਤ ਅਤੇ 38 ਸਾਲਾ ਵਿਅਕਤੀ, ਸੈਕਟਰ 52 ਤੋਂ 26 ਸਾਲਾ ਲੜਕੀ, ਸੈਕਟਰ 37 ਤੋਂ 47 ਸਾਲਾ ਵਿਅਕਤੀ, ਸੈਕਟਰ 50 ਤੋਂ 59 ਸਾਲਾ ਵਿਅਕਤੀ, ਸੈਕਟਰ 35 ਤੋਂ 46 ਸਾਲਾ ਔਰਤ, ਸੈਕਟਰ 32 ਤੋਂ 41 ਸਾਲਾ ਵਿਅਕਤੀ ਸਮੇਤ 40 ਅਤੇ 42 ਸਾਲਾ ਦੋ ਔਰਤਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਇਲਾਵਾ ਅੱਜ ਸ਼ਹਿਰ ਦੇ ਵਸਨੀਕ 5 ਮਰੀਜ਼ ਠੀਕ ਵੀ ਹੋਏ ਹਨ। ਇਨ੍ਹਾਂ ਵਿੱਚ ਪਿੰਡ ਧਨਾਸ ਤੋਂ 40 ਸਾਲਾ ਵਿਅਕਤੀ, ਸੈਕਟਰ 50 ਤੋਂ 9 ਮਹੀਨਿਆਂ ਦੀ ਛੋਟੀ ਬੱਚੀ ਸਮੇਤ 31 ਤੇ 64 ਸਾਲਾ ਵਿਅਕਤੀ ਤੇ 31 ਸਾਲਾ ਔਰਤ ਸ਼ਾਮਲ ਹੈ।