ਚੰਡੀਗੜ੍ਹ ਇੰਟਕ ਦੇ ਸੱਦੇ ’ਤੇ ਰੁਜ਼ਗਾਰ ਬਚਾਓ ਰੈਲੀ

ਚੰਡੀਗੜ੍ਹ ਇੰਟਕ ਦੇ ਸੱਦੇ ਉਤੇ ਅੱਜ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦੀ ਮਜ਼ਦੂਰ ਅਤੇ ਕਰਮਚਾਰੀ ਵਿਰੋਧੀ ਨੀਤੀਆਂ ਖਿਲਾਫ਼ ‘ਰੁਜ਼ਗਾਰ ਬਚਾਓ ਰੈਲੀ’ ਸੈਕਟਰ 25 ਵਿੱਚ ਕਰਵਾਈ ਗਈ। ਰੈਲੀ ਵਿਚ ਚੰਡੀਗੜ੍ਹ ਦੇ ਸਾਬਕਾ ਲੋਕ ਸਭਾ ਮੈਂਬਰ ਪਵਨ ਕੁਮਾਰ ਬਾਂਸਲ ਅਤੇ ਇੰਟਕ ਦੇ ਰਾਸ਼ਟਰੀ ਸਕੱਤਰ ਤੇ ਹਰਿਆਣਾ ਇੰਟਕ ਦੇ ਸੂਬਾ ਪ੍ਰਧਾਨ ਅਮਿਤ ਯਾਦਵ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ। ਇਸੇ ਦੌਰਾਨ ਮਜ਼ਦੂਰਾਂ ਅਤੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਅਣਮਿਥੇ ਸਮੇਂ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਪਵਨ ਬਾਂਸਲ ਅਤੇ ਅਮਿਤ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਨਾਲ ਸਬੰਧਤ ਕਾਨੂੰਨਾਂ ਨਾਲ ਛੇੜਖਾਨੀ ਕਰ ਰਹੀ ਹੈ ਅਤੇ ਨਵੀਆਂ ਨੌਕਰੀਆਂ ਦੇਣ ਦੀ ਬਜਾਏ ਪਿਛਲੇ ਦੋ ਸਾਲ ਵਿੱਚ ਇੱਕ ਕਰੋੜ ਤੋਂ ਵੀ ਨੌਕਰੀਆਂ ਰੰਦ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਚੰਡੀਗੜ੍ਹ ਇੰਟਕ ਪ੍ਰਧਾਨ ਨਸੀਬ ਜਾਖੜ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਮਜ਼ਦੂਰਾਂ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਲਈ ਗੰਭੀਰ ਨਹੀਂ ਹੈ। ਇੱਥੇ ਕੱਚੇ ਕਰਮਚਾਰੀਆਂ ਦੇ ਲਈ ਕੋਈ ਸੁਰੱਖਿਅਤ ਪਾਲਿਸੀ ਨਹੀਂ ਹੈ ਅਤੇ ਨਾ ਹੀ ਲੇਬਰ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ‘ਬਰਾਬਰ ਕੰਮ-ਬਰਾਬਰ ਤਨਖਾਹ ਨਹੀਂ ਦਿੱਤੀ ਜਾ ਰਹੀ। ਜੇਕਰ ਕਿਸੇ ਵੀ ਕਰਮਚਾਰੀ ਦੀ ਸਰਵਿਸ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਤਰਸ ਦੇ ਅਧਾਰ ’ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ। ਇਸ ਮੌਕੇ ਜਨਰਲ ਸਕੱਤਰ ਘੱਨ੍ਹਈਆ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਦੀ ‘ਹਿਟਲਰਸ਼ਾਹੀ’ ਨੇ ਰੇਹੜੀ-ਫੜ੍ਹੀਆਂ ਵਾਲਿਆਂ ਦਾ ਰੁਜ਼ਗਾਰ ਖੋਹਣ ਦਾ ਹੀ ਕੰਮ ਕੀਤਾ ਹੈ। ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੇ ਰੋਜ਼ਗਾਰ ’ਤੇ ਵੀ ਡਾਕਾ ਮਾਰਿਆ ਗਿਆ ਹੈ।

Previous articleਸਿਹਤ ’ਤੇ ਭਾਰੂ ਪੈ ਰਿਹੈ ਜੰਕ ਫੂਡ ਦਾ ਸਵਾਦ
Next articleਗੋਇੰਦਵਾਲ ਸਾਹਿਬ ਜਲ ਘਰ ’ਚ ਡੁੱਬੇ ਪਾਵਰਕੌਮ ਦੇ ਡੇਢ ਕਰੋੜ