ਚੰਡੀਗੜ੍ਹ– ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਲੋਕਾਂ ਨੂੰ ਕਰਫ਼ਿਊ ਦੌਰਾਨ ਰਾਹਤ ਦੇਣ ਲਈ 28 ਮਾਰਚ ਤੋਂ ਖਾਣ-ਪੀਣ ਅਤੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੀਟੀਯੂ ਬੱਸਾਂ ਰਾਹੀਂ ਮੁੜ ਵਸੇਬਾ ਕਲੋਨੀਆਂ, ਝੁੱਗੀ-ਝੌਂਪੜੀਆਂ ਅਤੇ ਪਿੰਡਾਂ ਵਿੱਚ ਰਾਸ਼ਨ ਅਤੇ ਸਬਜ਼ੀਆਂ ਦੀ ਸਪਲਾਈ ਜਾਰੀ ਰੱਖੀ ਜਾਵੇਗੀ। ਪ੍ਰਸ਼ਾਸਨ ਅਨੁਸਾਰ ਜ਼ਰੂਰੀ ਚੀਜ਼ਾਂ ਵਿੱਚ ਕਰਿਆਨਾ ਸਟੋਰ, ਸਬਜ਼ੀਆਂ, ਦੁੱਧ, ਮੀਟ-ਮੱਛੀ ਦੀ ਵਿਕਰੀ ਵਾਲੀਆਂ ਦੁਕਾਨਾਂ ਸ਼ਾਮਲ ਹਨ ਜੋ 28 ਮਾਰਚ ਤੋਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਹ ਨਿਰਦੇਸ਼ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਪ੍ਰਾਪਤ ਜਾਣਕਾਰੀ ਮੁਤਾਬਕ ਦੁਕਾਨਾਂ ਖੁੱਲ੍ਹੀਆਂ ਰੱਖਣ ਲਈ ਇਹ ਫ਼ੈਸਲਾ ਅੱਜ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਡੀਜੀਪੀ ਚੰਡੀਗੜ੍ਹ ਸੰਜੇ ਬੈਨੀਵਾਲ, ਵਿੱਤ ਸਕੱਤਰ ਏ.ਕੇ. ਸਿਨਹਾ, ਕਮਿਸ਼ਨਰ (ਨਗਰ ਨਿਗਮ) ਕੇ.ਕੇ. ਯਾਦਵ ਅਤੇ ਡੀ.ਆਈ.ਜੀ. ਓਮਵੀਰ ਸਿੰਘ ਬਿਸ਼ਨੋਈ ਹਾਜ਼ਰ ਸਨ। ਇਸੇ ਦੌਰਾਨ ਮਾਰਕੀਟਾਂ ਵਿੱਚ ਸਮਾਨ ਖਰੀਦਣ ਲਈ ਆਉਣ ਵਾਲੇ ਲੋਕਾਂ ਵਿਚਕਾਰ ਨਿਰਧਾਰਤ ਫ਼ਾਸਲਾ ਕਾਇਮ ਰੱਖਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸਾਮਾਨ ਦੀ ਖਰੀਦੋ-ਫਰੋਖ਼ਤ ਵੇਲੇ ਗਾਹਕਾਂ ਵਿਚਾਲੇ ਲਗਪਗ ਇਕ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੰਦਿਆਂ ਪ੍ਰਸ਼ਾਸਨ ਨੇ ਸ਼ਹਿਰ ਨਿਵਾਸੀਆਂ ਨੂੰ ਕੋਵਿਡ-19 ਨਾਲ ਲੜਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਮਾਜਿਕ ਦੂਰੀਆਂ ਦੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨ। ਪ੍ਰਸ਼ਾਸਕ ਨੇ ਸ਼ਹਿਰ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ ਦਿੱਤਾ।
ਪੈਦਲ ਹੀ ਜਾਣਾ ਪਏਗਾ ਮਾਰਕੀਟ: ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਦੁਕਾਨਾਂ ਖੁੱਲ੍ਹਣ ਉਪਰੰਤ ਸ਼ਹਿਰ ਦੇ ਵਸਨੀਕ ਆਪੋ-ਆਪਣੇ ਸੈਕਟਰਾਂ ਦੀਆਂ ਮਾਰਕੀਟਾਂ ਵਿੱਚੋਂ ਜ਼ਰੂਰੀ ਸਮਾਨ ਖਰੀਦਣ ਲਈ ਪੈਦਲ ਹੀ ਜਾ ਸਕਣਗੇ ਕਿਉਂਕਿ ਮਾਰਕੀਟਾਂ ਵਿੱਚ ਵਾਹਨ ਲਿਜਾਣ ’ਤੇ ਮਨਾਹੀ ਹੋਵੇਗੀ। ਫਰੂਟ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਵੀ ਸਿਰਫ਼ ਮਾਰਕੀਟਾਂ ਵਿੱਚ ਆਪਣੇ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
INDIA ਚੰਡੀਗੜ੍ਹੀਆਂ ਲਈ ਰਾਹਤ: ਅੱਜ ਤੋਂ ਖੁੱਲ੍ਹਣਗੀਆਂ ਦੁਕਾਨਾਂ