ਚੌਟਾਲਾ ਭਰਾਵਾਂ ਵਿਚਾਲੇ ਬੇਸਿੱਟਾ ਰਹੀ ਗੱਲਬਾਤ

ਚੌਟਾਲਾ ਪਰਿਵਾਰ ਵਿਚਾਲੇ ਜਾਰੀ ਸਿਆਸੀ ਖਿੱਚੋਤਾਣ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਅਜੈ ਚੌਟਾਲਾ ਅਤੇ ਅਭੈ ਚੌਟਾਲਾ ਵਿਚਾਲੇ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਪੈਂਦਾ ਨਹੀਂ ਜਾਪ ਰਿਹਾ। ਦੋਵੇਂ ਭਰਾਵਾਂ ਦੀ ਮੁਲਾਕਾਤ ਐਤਵਾਰ ਤੜਕੇ ਅਸੋਲਾ ਸਥਿਤ ਫਾਰਮ ਹਾਊਸ ਵਿੱਚ ਹੋਈ। ਇਸ ਦੌਰਾਨ ਹੋਈ ਮੀਟਿੰਗ ਬੇਸਿੱਟਾ ਰਹੀ। ਇਹ ਮੀਟਿੰਗ ਗੁਪਤ ਰੱਖੀ ਗਈ ਸੀ। ਦੋਵਾਂ ਭਰਾਵਾਂ ਵਿਚਾਲੇ ਮੀਟਿੰਗ ਲਗਪਗ ਪੌਣਾ ਘੰਟਾ ਚੱਲੀ। ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਚੌਟਾਲਾ ਪਰਿਵਾਰ ਦਾ ਇਹ ਸਿਆਸੀ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮੀਟਿੰਗ ਦੋਵਾਂ ਭਰਾਵਾਂ ਦੀ ਪਹਿਲ ’ਤੇ ਹੀ ਹੋਈ।ਤਿਹਾੜ ਜੇਲ੍ਹ ’ਚੋਂ ਪੈਰੋਲ ’ਤੇ ਆਉਣ ਬਾਅਦ, ਦੋਵੇਂ ਭਰਾ ਫੋਨ ’ਤੇ ਇਕ ਦੂਜੇ ਨਾਲ ਸੰਪਰਕ ਵਿੱਚ ਸਨ। ਇਸ ਲਈ ਅਜੈ ਨੇ ਅਭੈ ਨੂੰ ਇਥੇ ਈ -5 ਅਸੋਲਾ ਫਾਰਮ ਹਾਊਸ ਸੱਦਿਆ। ਅਭੈ ਸ਼ਨਿਚਰਵਾਰ ਨੂੰ ਗੁਰੂਗ੍ਰਾਮ ਵਿੱਚ ਸਨ, ਜਦੋਂ ਕਿ ਅਜੈ ਸ਼ਨਿਚਰਵਾਰ ਨੂੰ ਆਪਣੇ ਸੰਸਦ ਮੈਂਬਰ ਪੁੱਤਰ ਦੁਸ਼ਯੰਤ ਚੌਟਾਲਾ ਦੇ ਸਰਕਾਰੀ ਆਵਾਸ 18 ਜਨਪਥ ਵਿੱਚ ਸਮਰਥਕਾਂ ਨੂੰ ਮਿਲਣ ਬਾਅਦ ਰਾਤ ਨੂੰ ਅਸੋਲਾ ਫਾਰਮ ਹਾਊਸ ਪੁੱਜੇ । ਐਤਵਾਰ ਤੜਕੇ ਅਭੈ ਅਸੋਲਾ ਫਾਰਮ ਹਾਊਸ ਪੁੱਜੇ। ਇਸ ਮੁਲਾਕਾਤ ਦੀ ਕਿਸੇ ਨੂੰ ਭਿਣਕ ਤਕ ਨਹੀਂ ਪੈਣ ਦਿੱਤੀ ਗਈ। ਸੂਤਰਾਂ ਅਨੁਸਾਰ, ਲਗਪਗ ਪੌਣਾ ਘੰਟਾ ਦੋਵਾਂ ਭਰਾਵਾਂ ਵਿਚਾਲੇ ਗੱਲਬਾਤ ਹੋਈ, ਪਰ ਮੱਤਭੇਦ ਨਹੀਂ ਸੁਲਝ ਸਕੇ। ਇਨੈਲੋ ਜਨਰਲ ਸਕੱਤਰ ਅਜੈ ਚੌਟਾਲਾ 17 ਨਵੰਬਰ ਨੂੰ ਜੀਂਦ ਵਿੱਚ ਆਪਣੇ ਅਗਲੇ ਕਦਮ ਦਾ ਐਲਾਨ ਕਰ ਸਕਦੇ ਹਨ, ਜਦੋਂ ਕਿ ਚੰਡੀਗੜ੍ਹ ਵਿਚ ਇਨੈਲੋ ਦਾ ਦਫ਼ਤਰ ਬਦਲ ਕੇ ਅਭੈ ਆਪਣਾ ਰੁਖ਼ ਸਪਸ਼ਟ ਕਰ ਚੁੱਕੇ ਹਨ।

Previous article‘ਸਿੱਟ’ਵਲੋਂ ਦੋਵੇਂ ਬਾਦਲਾਂ ਤੇ ਅਕਸ਼ੈ ਕੁਮਾਰ ਨੂੰ ਸੰਮਨ
Next articleਪੰਜਾਬੀ ਕਿਸਾਨ ਪੀਟਰ ਢਿੱਲੋਂ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਸ਼ਾਮਲ