ਸਾਦਿਕ- ਪਿਛਲੇ ਦਿਨੀਂ ਜੰਡ ਸਾਹਿਬ ਰੋਡ ਸਾਦਿਕ ਵਿਖੇ ਕੱਪੜੇ ਦੀ ਦੁਕਾਨ ’ਚ ਹੋਈ ਕਰੀਬ ਸੱਤ ਲੱਖ ਤੋਂ ਵਧੇਰੇ ਕੱਪੜੇ ਦੀ ਚੋਰੀ, ਜਿਸ ਦੌਰਾਨ ਕੱਪੜੇ ਦੀਆਂ ਪੰਡਾਂ ਬੰਨ੍ਹੀ ਲਿਜਾ ਰਹੀਆਂ ਔਰਤਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਸਨ ਤੇ ਇਨ੍ਹਾਂ ਤਸਵੀਰਾਂ ਦੇ ਅਧਾਰ ’ਤੇ ਸਾਦਿਕ ਪੁਲੀਸ ਨੇ ਉਸੇ ਦਿਨ ਹੀ ਕਾਰਵਾਈ ਕਰਦਿਆਂ ਕੋਟਕਪੂਰਾ ਦੀਆਂ 9 ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤੇ ਇਹੀ ਔਰਤਾਂ ਜਾਂਚ ’ਚ ਚੋਰ ਪਾਈਆਂ ਗਈਆਂ।
ਚੋਰੀ ਲਈ ਵਰਤੇ ਗਏ ਦੋ ਆਟੋ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ, ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਇਸ ਔਰਤ ਚੋਰ ਗਰੋਹ ਤੋਂ ਹੋਰ ਪੁੱਛਗਿੱਛ ਲਈ ਤਿੰਨ ਦਿਨ ਦਾ ਰਿਮਾਂਡ ਵੀ ਲੈ ਲਿਆ।
ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਪੁਲੀਸ 400 ਸੂਟਾਂ ਵਿੱਚੋਂ ਸਿਰਫ 26 ਸੂਟ ਹੀ ਬਰਾਮਦ ਕਰ ਸਕੀ। ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਦੁਕਾਨਦਾਰਾਂ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਕੇ ਇੱਥੋਂ ਦੇ ਮੇਨ ਚੌਕ ’ਚ ਧਰਨਾ ਲਗਾ ਦਿੱਤਾ ਤੇ ਆਵਾਜਾਈ ਵੀ ਰੋਕ ਦਿੱਤੀ।
ਇਸ ਦੌਰਾਨ ਸਕੂਲ ਵੈਨਾਂ ਤੇ ਐਂਬੂਲੈਂਸਾਂ ਨੂੰ ਬਿਨਾਂ ਰੋਕ ਲੰਘਾਇਆ ਗਿਆ। ਇਸ ਮੌਕੇ ਦੁਕਾਨ ਦੇ ਮਾਲਕ ਵੇਦ ਪ੍ਰਕਾਸ਼ ਗੱਖੜ ਨੇ ਪੁਲੀਸ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਪਹਿਲਾਂ ਤਾਂ ਪੁਲੀਸ ਵੱਲੋਂ ਚੋਰੀ ਹੋਇਆ ਮਾਲ ਬਰਾਮਦ ਕਰਨ ਦੀ ਗੱਲ ਆਖੀ ਜਾਂਦੀ ਰਹੀ ਪਰ ਕੋਟਕਪੂਰੇ ਦੇ ਇੱਕ ਐਮ.ਸੀ ਵੱਲੋਂ ਚੋਰਾਂ ਦੀ ਪਿੱਠ ’ਤੇ ਆ ਜਾਣ ਕਰਕੇ ਪੁਲੀਸ ਦਾ ਰਵੱਈਆ ਬਦਲ ਗਿਆ।
ਇਸ ਮੌਕੇ ਬੋਲਦਿਆਂ ਅਪਾਰ ਸਿੰਘ ਸੰਧੂ, ਬਲਜਿੰਦਰ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਭੁੱਲਰ ਤੇ ਪੱਪੂ ਸੇਠੀ ਨੇ ਆਖਿਆ ਕਿ ਪੀੜਤ ਦੁਕਾਨਦਾਰ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।
ਧਰਨੇ ’ਤੇ ਬੈਠੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਨਾਇਬ ਤਹਿਸੀਲਦਾਰ ਰਜਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਾਰੇ ਮਾਮਲੇ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਗੇ, ਉਪਰੰਤ ਧਰਨਾਕਾਰੀਆਂ ਵੱਲੋਂ ਆਵਾਜਾਈ ਤਾਂ ਚਾਲੂ ਕਰ ਦਿੱਤੀ ਗਈ ਪਰ ਇਨਸਾਫ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।
INDIA ਚੌਕ ’ਚ ਧਰਨਾ ਲਗਾ ਕੇ ਆਵਾਜਾਈ ਕੀਤੀ ਠੱਪ