ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਸਰਕਾਰ ਹੁਣ ਕਰੋਨਾ ਆਫ਼ਤ ਦੇ ਪਸਾਰ ਤੋਂ ਬੇਹੱਦ ਚੌਕਸ ਹੋ ਗਈ ਹੈ ਜਿਸ ਤਹਿਤ ਸੂਬੇ ਵਿਚ 26 ਹਜ਼ਾਰ ਬੈੱਡਾਂ ਦੇ ਇੰਤਜ਼ਾਮ ਕਰਨ ਦੀ ਤਿਆਰੀ ਹੋਣ ਲੱਗੀ ਹੈ। ਲੰਘੀ ਕੈਬਨਿਟ ਮੀਟਿੰਗ ਵਿੱਚ ਸਿਹਤ ਮਹਿਕਮੇ ਨੇ ਇਸ ਫਿਕਰਮੰਦੀ ਤੋਂ ਜਾਣੂ ਕਰਵਾ ਦਿੱਤੀ ਸੀ। ਰਾਜ ਸਰਕਾਰ ਨੇ ਸੰਭਾਵੀ ਖ਼ਤਰੇ ਮੱਦੇਨਜ਼ਰ ਨਮੂਨਿਆਂ ਦੀ ਜਾਂਚ ਨਾਲ ਸਬੰਧਤ ਸਾਜ਼ੋ-ਸਾਮਾਨ ਦੀ ਖ਼ਰੀਦੋ ਫ਼ਰੋਖਤ ਵੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਨਵੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਯੂਨੀਵਰਸਿਟੀਆਂ ਦੇ ਕੈਂਪਸ ਵੀ ਇਕਾਂਤਵਾਸ ਕੇਂਦਰਾਂ ਵਜੋਂ ਵਰਤੇ ਜਾਣ ਦੀ ਯੋਜਨਾ ਬਣਾਈ ਗਈ ਹੈ।
ਭਾਵੇਂ ਪੰਜਾਬ ’ਚ ਮਰੀਜ਼ਾਂ ਦੀਆਂ ਨੈਗੇਟਿਵ ਰਿਪੋਰਟਾਂ ਵੀ ਹਾਸਲ ਹੋਣ ਲੱਗੀਆਂ ਹਨ ਪਰ ਸੂਬਾ ਸਰਕਾਰ ਇਸ ਦੇ ਬਾਵਜੂਦ ਚੌਕੰਨੀ ਹੋ ਗਈ ਹੈ ਅਤੇ ਸੰਭਾਵੀ ਅਲਾਮਤੀ ਪੁਲਾਂਘ ਦੇ ਟਾਕਰੇ ਲਈ ਵੱਡੇ ਪੱਧਰ ’ਤੇ ਤਿਆਰੀ ਵਿੱਢ ਦਿੱਤੀ ਗਈ ਹੈ। ਅਹਿਮ ਸੂਤਰਾਂ ਅਨੁਸਾਰ ਪੰਜਾਬ ਕੈਬਨਿਟ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿਹਤ ਵਿਭਾਗ ਨੂੰ ਲੋੜੀਂਦਾ ਸਾਜ਼ੋ-ਸਾਮਾਨ ਇਸ ਵੇਲੇ ਬਾਜ਼ਾਰ ’ਚੋਂ ਮਹਿੰਗੇ ਭਾਅ ’ਤੇ ਮਿਲ ਰਿਹਾ ਹੈ ਅਤੇ ਹੁਣ ਤੱਕ ਸਿਹਤ ਵਿਭਾਗ 22 ਕਰੋੜ ਰੁਪਏ ਖਰਚ ਕਰ ਚੁੱਕਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇੱਕ ਉੱਚ ਪੱਧਰੀ ਖਰੀਦ ਕਮੇਟੀ ਵੱਖਰੀ ਬਣਾਈ ਹੋਈ ਹੈ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਰਕਾਰੀ ਤੇ ਪ੍ਰਾਈਵੇਟ ਪੱਧਰ ’ਤੇ 500 ਵੈਂਟੀਲੇਟਰਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ 86 ਹੋਰ ਨਵੇਂ ਵੈਂਟੀਲੇਟਰ ਖ਼ਰੀਦੇ ਜਾ ਰਹੇ ਹਨ। ਇਵੇਂ ਹੀ ਟੈਸਟਿੰਗ ਲਈ 10 ਲੱਖ ਰੈਪਿਡ ਟੈਸਟ ਕਿੱਟਾਂ ਖਰੀਦੀਆਂ ਜਾਣੀਆਂ ਹਨ ਅਤੇ ਪਹਿਲੇ ਪੜਾਅ ’ਤੇ ਇੱਕ ਲੱਖ ਕਿੱਟ ਖਰੀਦੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਕਦਮ ਆਫ਼ਤ ਦਾ ਹੱਲਾ ਹੁੰਦਾ ਹੈ ਤਾਂ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਟੈਸਟ ਕੀਤੇ ਜਾਣ ਦੀ ਲੋੜ ਪੈ ਸਕਦੀ ਹੈ। ਫਗਵਾੜਾ ਦੀ ਫਰਮ ਤੋਂ ਪੀ.ਪੀ. ਕਿੱਟਾਂ ਲੈਣ ਲਈ ਕੇਸ ਪ੍ਰਵਾਨਗੀ ਵਾਸਤੇ ਭੇਜਿਆ ਗਿਆ ਹੈ ਅਤੇ ਲੁਧਿਆਣਾ ਦੀਆਂ ਕਈ ਫਰਮਾਂ ਤੋਂ ਖ਼ਰੀਦੋ ਫ਼ਰੋਖਤ ਕੀਤੀ ਜਾ ਰਹੀ ਹੈ।
ਐਂਬੂਲੈਂਸਾਂ ਅਤੇ ਲਾਈਫ਼ ਸਪੋਰਟਿੰਗ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਐਮਰਜੈਂਸੀ ਪੈਣ ਦੀ ਸੂਰਤ ਵਿੱਚ ਪ੍ਰਾਈਵੇਟ ਤੇ ਜਨਤਕ ਯੂਨੀਵਰਸਿਟੀਆਂ ਦੇ ਕੈਂਪਸ ਵਰਤੇ ਜਾਣੇ ਹਨ। ਇਸ ਤੋਂ ਬਿਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਫੌਰੀ ਸਰਕਾਰ ਆਪਣੇ ਹੱਥਾਂ ਵਿੱਚ ਲੈ ਲਵੇਗੀ। ਸਰਕਾਰੀ ਤਿਆਰੀ ਤੋਂ ਇੰਝ ਜਾਪਦਾ ਹੈ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਹਨ। ਵੇਰਵਿਆਂ ਅਨੁਸਾਰ ਗੁਰਦਾਸਪੁਰ ਦੇ ਜੀਵਨਵਾਲ ਬੱਬਰੀ, ਮੁਕਤਸਰ ਦੇ ਥੇੜੀ, ਕਪੂਰਥਲਾ ਅਤੇ ਬਰਨਾਲਾ ਦੇ ਮੁੜ ਵਸੇਬਾ ਕੇਂਦਰਾਂ ਨੂੰ ਇਕਾਂਤਵਾਸ ਕੇਂਦਰਾਂ ਵਜੋਂ ਰਾਖਵਾਂ ਰੱਖਿਆ ਗਿਆ ਹੈ।
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ 40, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ 26, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ 32, ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ’ਚ 10 ਅਤੇ ਜ਼ਿਲ੍ਹਾ ਹਸਪਤਾਲ ਜਲੰਧਰ ਵਿਚ 7 ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਿਆਰੀ ਵਜੋਂ ਜ਼ਿਲ੍ਹਾ ਕੋਵਿਡ ਮੈਨੇਜਮੈਂਟ ਕਮੇਟੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਆਕਸੀਜਨ ਗੈਸ ਸਿਲੰਡਰਾਂ ਦਾ ਢੁੱਕਵਾਂ ਪ੍ਰਬੰਧ ਕਰਨ ਅਤੇ ਹਫਤੇ ਭਰ ਦਾ ਕੋਟਾ ਰਾਖਵਾਂ ਰੱਖਿਆ ਜਾਵੇ।
ਇਕਾਂਤਵਾਸ ਕੇਂਦਰਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ, ਵਾਟਰ ਸਪਲਾਈ ਅਤੇ ਸੁਰੱਖਿਆ ਇੰਤਜ਼ਾਮ ਕਰਨ ਵਾਸਤੇ ਵੀ ਆਖਿਆ ਗਿਆ ਹੈ। ਸਰਕਾਰ ਨੂੰ ਖਦਸ਼ਾ ਹੈ ਕਿ ਕਰੋਨਾ ਦੇ ਅਗਲੇ ਸਟੇਜ ਵਿੱਚ ਦਾਖਲ ਹੋਣ ’ਤੇ ਮਰੀਜ਼ਾਂ ਦੀ ਗਿਣਤੀ ਵਿਚ ਅਚਨਚੇਤੀ ਵਾਧਾ ਹੋ ਸਕਦਾ ਹੈ।