ਚੋਰੀ ਦੇ 15 ਮੋਟਰਸਾਈਕਲਾਂ ਸਣੇ ਚਾਰ ਕਾਬੂ

ਜ਼ਿਲ੍ਹਾ ਪੁਲੀਸ ਵੱਲੋਂ ਅੱਜ ਦੂਜੇ ਦਿਨ ਵੀ ਵਾਹਨ ਚੋਰਾਂ ਦੀ ਪੈੜ ਦੱਬਕੇ ਉਨ੍ਹਾਂ ਨੂੰ ਚੋਰੀ ਦੇ ਵਾਹਨਾਂ ਸਣੇ ਕਾਬੂ ਕੀਤਾ ਗਿਆ। ਇਨ੍ਹਾਂ ਦੋ ਵੱਖ-ਵੱਖ ਮਾਮਲਿਆਂ ’ਚ ਪੁਲੀਸ ਨੇ 15 ਮੋਟਰਸਾਈਕਲ ਬਰਾਮਦ ਕਰਕੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ ਜਦੋਂਕਿ ਇੱਕ ਵਿਅਕਤੀ ਹਾਲੇ ਫਰਾਰ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਸਿਟੀ-2 ਕਰਨਸ਼ੇਰ ਸਿੰਘ ਨੇ ਦੱਸਿਆ ਕਿ ਕੋਰਟ ਕੰਪਲੈਕਸ ਚੌਕੀ ’ਚ ਤਾਇਨਾਤ ਮਹਿਲਾ ਥਾਣੇਦਾਰ ਸੁਖਵੀਰ ਕੌਰ ਨੇ ਆਪਣੀ ਟੀਮ ਸਣੇ ਛਾਪਾ ਮਾਰ ਕੇ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ।
ਇਨ੍ਹਾਂ ਚਾਰਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਬਠਿੰਡਾ ’ਚ ਸੰਜੀਵ ਕੁਮਾਰ ਵਾਸੀ ਹਰਪਾਲ ਨਗਰ ਬਠਿੰਡਾ ਨੇ ਸ਼ਿਕਾਇਤ ਦਰਜ਼ ਕਰਵਾਉਂਦਿਆਂ ਦੱਸਿਆ ਸੀ ਕਿ ਅਜੈਵੀਰ ਸਿੰਘ ਉਰਫ ਸਨੀ ਵਾਸੀ ਕੋਟਫੱਤਾ, ਹੈਪੀ ਸਿੰਘ ਉਰਫ ਜੱਗੀ ਵਾਸੀ ਧਨ ਸਿਘ ਖਾਨਾ ਹਾਲ ਆਬਾਦ ਕੋਟਫੱਤਾ ਤੇ ਮਹਿਕਦੀਪ ਸਿੰਘ ਉਰਫ ਨੋਨੀ ਵਾਸੀ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਵਾਸੀ ਕੋਟਫੱਤਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਜਾਅਲੀ ਨੰਬਰ ਪਲੇਟਾਂ ਤੇ ਜਾਅਲੀ ਕਾਗਜ਼ ਤਿਆਰ ਕਰਕੇ ਮੋਟਰਸਾਈਕਲ ਅੱਗੇ ਵੇਚਣ ਦੀ ਤਾਕ ’ਚ ਸਨ। ਕਾਬੂ ਕੀਤੇ ਵਿਅਕਤੀਆਂ ਦਾ ਇੱਕ ਸਾਥੀ ਅੰਮ੍ਰਿਤ ਸਿੰਘ ਉਰਫ ਬੱਬੂ ਵਾਸੀ ਖੋਖਰ ਅਜੇ ਫਰਾਰ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਮੰਨੀਆਂ ਹਨ।
ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ’ਚ ਐਸਪੀ ਸਵਰਨ ਸਿੰਘ ਖੰਨਾ ਤੇ ਐਸਆਈ ਤਰਜਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ-2 ਬਠਿੰਡਾ ਜਦੋਂ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਰਜਿੰਦਰ ਸਿੰਘ ਉਰਫ ਨੈਣਾ ਉਰਫ ਜੈਲਾ ਵਾਸੀ ਪਿੰਡ ਹਰਰਾਏਪੁਰ ਮੋਟਰਸਾਈਕਲ (ਪੀਬੀ 03 ਏਐਨ-1064) ’ਤੇ ਸਵਾਰ ਹੋ ਕੇ ਉਸ ਨੂੰ ਬਠਿੰਡਾ ’ਚ ਵੇਚਣ ਲਈ ਘੁੰਮ ਰਿਹਾ ਹੈ। ਪੁਲੀਸ ਨੇ ਹਰਜਿੰਦਰ ਸਿੰਘ ਨੂੰ ਬਾਲਮੀਕੀ ਚੌਕ ਤੋਂ ਮੋਟਰਸਾਈਕਲ ਸਣੇ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਹਰਜਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਬਠਿੰਡਾ-ਮਾਨਸਾ ਗਰੋਥ ਸੈਂਟਰ ’ਚ ਖਾਲੀ ਪਲਾਟ ’ਚ ਉੱਘੀਆਂ ਝਾੜੀਆਂ ਦੇ ਝੁੰਡ ’ਚੋਂ ਚਾਰ ਮੋਟਰਸਾਈਕਲ ਬਰਮਾਦ ਕੀਤੇ ਹਨ।
ਚੋਰੀ ਦੇ ਮੋਟਰਸਾਈਕਲਾਂ ਸਣੇ ਕਾਬੂ ਹਰਜਿੰਦਰ ਸਿੰਘ ਘਰਾਂ ’ਚ ਰੰਗ ਰੋਗਨ ਦਾ ਕੰਮ ਕਰਦਾ ਹੈ ਪਰ ਨਸ਼ਿਆਂ ਦਾ ਆਦੀ ਹੋਣ ਕਰਕੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਲੱਗ ਪਿਆ।
ਇਸ ਵਿਅਕਤੀ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਥਾਣਾ ਨੇਹੀਆਂਵਾਲਾ ’ਚ ਚੋਰੀ ਦੇ ਦੋ ਮਾਮਲੇ ਦਰਜ ਹਨ।

Previous articleਸਾਬਕਾ ਕੇਂਦਰੀ ਮੰਤਰੀ ਜਾਫਰ ਸ਼ਰੀਫ਼ ਦਾ ਦੇਹਾਂਤ
Next articleਬਰਗਾੜੀ ਮੋਰਚੇ ’ਚ ਜਾ ਰਹੀ ਬੱਸ ਹਾਦਸਾਗ੍ਰਸਤ, 27 ਜ਼ਖ਼ਮੀ