ਚੰਡੀਗੜ੍ਹ- ਪੁਲੀਸ ਨੇ ਸ਼ਹਿਰ ਵਿਚ ਦੋ-ਪਹੀਆ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਭਰਤ ਵਾਸੀ ਈ.ਡਬਲਿਯੂ.ਐਸ. ਫਲੈਟਸ ਧਨਾਸ, ਕਮਲ ਕੁਮਾਰ ਅਤੇ ਅਭਿਸ਼ੇਕ (ਦੋਵੇਂ ਵਾਸੀ ਸੈਕਟਰ 24-ਡੀ ਚੰਡੀਗੜ੍ਹ) ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ ਸਾਢੇ 18 ਸਾਲ ਤੋਂ 20 ਸਾਲਾਂ ਦੇ ਵਿਚਕਾਰ ਹੈ। ਪੁਲੀਸ ਮੁਤਾਬਕ ਇਨ੍ਹਾਂ ਤਿੰਨਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 6 ਦੋ-ਪਹੀਆ ਵਾਹਨ ਬਰਾਮਦ ਕੀਤੇ ਗਏ ਹਨ।
ਪੁਲੀਸ ਸਟੇਸ਼ਨ ਸੈਕਟਰ-11 ਦੇ ਮੁਖੀ ਦੀ ਦੇਖਰੇਖ ਹੇਠ ਸਬ-ਇੰਸਪੈਕਟਰ ਸ਼ਿਵਚਰਨ ਨੇ ਇਸ ਗਰੋਹ ਦਾ ਪਰਦਾਫਾਸ਼ ਕੀਤਾ। ਪੁਲੀਸ ਨੇ ਨਾਕੇ ਦੌਰਾਨ ਮੁਲਜ਼ਮ ਭਰਤ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਐਕਟਿਵਾ ’ਤੇ ਜਾ ਰਿਹਾ ਸੀ। ਚੈਕਿੰਗ ਦੌਰਾਨ ਪਤਾ ਲੱਗਾ ਕਿ ਇਹ ਸਕੂਟਰ ਚੋਰੀ ਦਾ ਹੈ ਜੋ ਕਿ ਕੁਝ ਸਮਾਂ ਪਹਿਲਾਂ ਉਸ ਨੇ ਸਾਰੰਗਪੁਰ ਤੋਂ ਚੋਰੀ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਭਰਤ ਨੇ ਇਹ ਵੀ ਮੰਨਿਆ ਕਿ ਉਸ ਨੇ 29 ਨਵੰਬਰ ਨੂੰ ਖਰੈਤੀ ਲਾਲ ਆਹੂਜਾ ਵਾਸੀ ਸੈਕਟਰ 11-ਏ ਦੇ ਘਰੋਂ 5 ਹਜ਼ਾਰ ਰੁਪਏ ਦੀ ਨਕਦੀ, ਸਿੱਕੇ ਅਤੇ ਕੁਝ ਕਾਗਜ਼ਾਤ ਆਦਿ ਚੋਰੀ ਕੀਤੇ ਸਨ। ਉਸ ਕੋਲੋਂ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਹੜਾ ਕਿ ਸੈਕਟਰ 24-ਡੀ ਤੋਂ ਚੋਰੀ ਕੀਤਾ ਸੀ।
ਇਸੇ ਤਰ੍ਹਾਂ ਸੈਕਟਰ-24 ਦੇ ਨਜ਼ਦੀਕ ਲਗਾਏ ਗਏ ਨਾਕੇ ਦੌਰਾਨ ਇਕ ਹੋਰ ਮੁਲਜ਼ਮ ਕਮਲ ਕੁਮਾਰ ਅਤੇ ਅਭਿਸ਼ੇਕ ਵਾਸੀ ਸੈਕਟਰ 24-ਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਜਾਅਲੀ ਨੰਬਰ ਪਲੇਟ ਲਗਾ ਕੇ ਸਪਲੈਂਡਰ ਮੋਟਰਸਾਈਕਲ ਉੱਤੇ ਘੁੰਮ ਰਹੇ ਸਨ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਦੇ ਕੁੱਲ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿਚ ਦੋ ਸਪਲੈਂਡਰ ਮੋਟਰਸਾਈਕਲ, ਤਿੰਨ ਹੌਂਡਾ ਐਕਟਿਵਾ ਸਕੂਟਰ ਤੇ ਇਕ ਹੌਂਡਾ ਸ਼ਾਈਨ ਮੋਟਰਸਾਈਕਲ ਸ਼ਾਮਿਲ ਹਨ।
ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤਾ ਮੁਲਜ਼ਮ ਭਰਤ ਪਹਿਲਾਂ ਤੋਂ ਹੀ ਚੋਰੀ ਕਰਨ ਦਾ ਆਦੀ ਸੀ ਅਤੇ ਉਸ ਦੇ ਖਿਲਾਫ਼ ਚੋਰੀ ਦੇ ਸਬੰਧ ਵਿਚ ਪੁਲੀਸ ਸਟੇਸ਼ਨ ਸੈਕਟਰ 26 ਵਿਚ ਤਿੰਨ ਕੇਸ ਅਤੇ ਪੁਲੀਸ ਸਟੇਸ਼ਨ ਸਾਰੰਗਪੁਰ ਵਿਚ ਦੋ ਕੇਸ ਦਰਜ ਹਨ। ਮੁਲਜ਼ਮ ਅਭਿਸ਼ੇਕ ਸੈਕਟਰ 22 ਦੀ ਸ਼ਾਸਤਰੀ ਮਾਰਕੀਟ ਸਥਿਤ ਕੱਪੜੇ ਦੀ ਦੁਕਾਨ ਵਿਚ ਹੈਲਪਰ ਵਜੋਂ ਕੰਮ ਕਰਦਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਤਿੰਨੋਂ ਮੁਲਜ਼ਮ ਦੋ-ਪਹੀਆ ਵਾਹਨ ਚੋਰੀ ਕਰਕੇ ਉਨ੍ਹਾਂ ਦੇ ਪੁਰਜ਼ੇ ਕੱਢ ਕੇ ਮਾਰਕੀਟ ਵਿਚ ਵੇਚ ਦਿੰਦੇ ਸਨ।
INDIA ਚੋਰੀ ਦੇ ਦੋ-ਪਹੀਆ ਵਾਹਨਾਂ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ