ਚੋਣ ਸਮਝੌਤਾ ਸਿਰੇ ਨਾ ਚੜ੍ਹਨ ਲਈ ਕਾਂਗਰਸ ਜ਼ਿੰਮੇਵਾਰ: ‘ਆਪ’

ਆਮ ਆਦਮੀ ਪਾਰਟੀ ਨੇ ਅੱਜ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਦੀਆਂ ਲੋਕ ਸਭਾ ਸੀਟਾਂ ਲਈ ਚੋਣ ਸਮਝੌਤਾ ਸਿਰੇ ਨਾ ਚੜ੍ਹਨ ਲਈ ਕਾਂਗਰਸ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੀਡੀਆ ਕਾਨਫ਼ਰੰਸ ਦੌਰਾਨ ਕਿਹਾ ਕਿ ਕਾਂਗਰਸ ਗਿਣਤੀ-ਮਿਣਤੀ ਵਿਚ ਉਲਝੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਮੁੜ ਸੱਤਾ ਵਿੱਚ ਆਈ ਤਾਂ ਇਸ ਲਈ ਕਾਂਗਰਸ ਹੀ ਜ਼ਿੰਮੇਵਾਰ ਹੋਵੇਗੀ। ਦੋਵਾਂ ਆਗੂਆਂ ਨੇ ਕਿਹਾ ਕਿ ਜਮਹੂਰੀਅਤ ਨੂੰ ਬਚਾਉਣ ਲਈ ‘ਆਪ’ ਦਾ ਮੁੱਖ ਟੀਚਾ ਮੋਦੀ-ਸ਼ਾਹ ਦੀ ਜੋੜੀ ਨੂੰ ਹਰਾਉਣਾ ਹੈ ਪਰ ਕਾਂਗਰਸ ਸੀਟਾਂ ਦੀ ਗਿਣਤੀ-ਮਿਣਤੀ ਵਿਚ ਹੀ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਹੁਤ ਵਕਤ ਖ਼ਰਾਬ ਕੀਤਾ ਹੈ ਤੇ ਗੋਆ ਅਤੇ ਪੰਜਾਬ ਵਿਚ ਵੀ ਪਾਰਟੀ ਨੇ ਇੰਝ ਹੀ ਦੇਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੱਠਜੋੜ ਦਾ ਮਕਸਦ ਸਿਰਫ਼ ਸੀਟਾਂ ਵੰਡਣ ਤਕ ਸੀਮਤ ਨਹੀਂ ਸੀ, 18 ਲੋਕ ਸਭਾ ਹਲਕਿਆਂ ਵਿਚ ਭਾਜਪਾ ਨੂੰ ਰਲ ਕੇ ਟੱਕਰ ਦੇਣਾ ਸੀ। ਸੰਜੈ ਸਿੰੰਘ ਨੇ ਦੋਸ਼ ਲਾਇਆ ਕਿ ਭਾਜਪਾ ਲੋਕਤੰਤਰ ਤੇ ਸੰਘੀ ਢਾਂਚੇ ਲਈ ਖ਼ਤਰਾ ਪੈਦਾ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਵੀ ਮੋਦੀ-ਸ਼ਾਹ ਦੀ ਜੋੜੀ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖ ਰਹੀ ਹੈ। ਸ੍ਰੀ ਸਿਸੋਦੀਆ ਨੇ ਦੋਸ਼ ਲਾਇਆ ਕਿ ਕਾਂਗਰਸ ਹਰਿਆਣਾ ਵਿਚ ਖ਼ੁਦ 6, ਜੇਜੇਪੀ ਨੂੰ 3 ਤੇ ‘ਆਪ’ ਨੂੰ ਇਕ ਸੀਟ ਦੇਣ ਲਈ ਰਾਜ਼ੀ ਸੀ ਪਰ ਫੇਰ ਵੀ ਮੁੱਕਰ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਦਿੱਲੀ ਵਿੱਚ ਹੀ ਗੱਠਜੋੜ ਚਾਹੁੰਦੀ ਹੈ ਜਿੱਥੇ ਪਹਿਲਾਂ ਹੀ ‘ਆਪ’ ਮਜ਼ਬੂਤ ਧਿਰ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦਾ ਇਕ ਵੀ ਵਿਧਾਇਕ ਨਹੀਂ ਹੈ ਤੇ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੂੰ 10 ਫੀਸਦ ਹੀ ਵੋਟ ਮਿਲੇ ਸਨ ਫਿਰ ਵੀ ਤਿੰਨ ਸੀਟਾਂ ਮੰਗੀਆਂ ਜਾ ਰਹੀਆਂ ਹਨ। ਪੰਜਾਬ ਵਿਚ ‘ਆਪ’ ਦੇ 20 ਵਿਧਾਇਕ ਤੇ 4 ਸੰਸਦ ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਇਕ ਵੀ ਸੀਟ ਦੇਣ ਨੂੰ ਤਿਆਰ ਨਹੀਂ।

Previous articleਮੋਦੀ ਨੇ ਨਿੱਜੀ ਕੰਪਨੀਆਂ ਨੂੰ ਮੁਨਾਫਾ ਪਹੁੰਚਾਇਆ: ਸਿੱਧੂ
Next articleਮੋਦੀ ਬਾਰੇ ਵੈੱਬ ਸੀਰੀਜ਼ ਰੋਕਣ ਦੇ ਹੁਕਮ