ਸਮਾਜ ਵੀਕਲੀ
ਅੱਜ ਪਿੰਡ ਦੇ ਪੰਚਾਇਤ ਮੈਂਬਰ ਅਤੇ ਸਰਪੰਚ ਪੱਬਾਂ ਭਾਰ ਹੋਏ ਫਿਰਦੇ ਹਨ ਹੋਣਾ ਵੀ ਬਣਦਾ ਸੀ ਸਰਪੰਚ ਨੇ ਪੂਰੇ 25 ਲੱਖ ਖਰਚੇ ਨੇ ਸਰਪੰਚੀ ਤੇ , ਨਾਲੇ ਅੱਜ ਤਾਂ ਕੈਬਨਿਟ ਮੰਤਰੀ ਨੇ ਪਿੰਡ ਦੀ ਖੂਹ ਵਾਲੀ ਧਰਮਸ਼ਾਲਾ ( ਖੂਹ ਵਾਲੀ ਮਤਲਬ ਜੋ ਹੁਣ ਬਹੁਤ ਡੂੰਘੀ ਹੋਣ ਕਰਕੇ ਸਾਰੇ ਉਸ ਨੂੰ ਖੂਹ ਵਾਲੀ ਧਰਮਸ਼ਾਲਾ ਹੀ ਕਹਿਣ ਲੱਗ ਪਏ ਸਨ ) ਵਿੱਚ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਆਉਣਾ ਹੈ। ਕਿਸੇ ਮੰਤਰੀ ਦਾ ਪਿੰਡ ਦੇ ਇਤਿਹਾਸ ਵਿੱਚ ਪਹਿਲਾ ਦੌਰਾ ਸੀ। ਮੰਤਰੀ ਦੇ ਆਉਣ ਦੀ ਖਬਰ ਸੁਣ ਪ੍ਰਾਇਮਰੀ ਸਕੂਲ ਵਾਲੇ ਮਾਸਟਰ ਵੀ ਸਕੂਲ ਦੀ ਡਿੱਗੂੰ-ਡਿੱਗੂੰ ਕਰਦੀ ਇਮਾਰਤ ਦੀ ਥਾਂ ਨਵੀਂ ਇਮਾਰਤ ਲਈ ਅਰਜ਼ੀ ਲਿਖ ਸਰਪੰਚ ਕੋਲ ਧਰਮਸ਼ਾਲਾ ਪਹੁੰਚ ਗਏ।
ਸਰਪੰਚ ਨੇ ਅਰਜ਼ੀ ਫੜਦਿਆਂ ਕਿਹਾ ਮਾਸਟਰ ਜੀ ਮੰਤਰੀ ਸਾਹਿਬ ਨੇ ਮੰਨਣਾ ਤਾਂ ਹੈ ਨਹੀਂ ਚੱਲੋ ਵੇਖਦੇ ਹਾਂ ।ਮੰਤਰੀ ਜੀ ਵੀ ਪਹੁੰਚ ਗਏ ਤੇ ਸਰਪੰਚ ਨੇ ਨਵੀਂ ਧਰਮਸ਼ਾਲਾ ਦੀ ਗ੍ਰਾਂਟ ਦੀ ਮੰਗ ਕੀਤੀ ਮੰਤਰੀ ਨੇ ਉਹ ਮਨਜ਼ੂਰ ਕਰ ਲਈ , ਸ਼ਮਸ਼ਾਨ ਘਾਟ ਲਈ ਵੀ ਗ੍ਰਾਂਟ ਜਾਰੀ ਦਿੱਤੀ। ਸਰਪੰਚ ਨੂੰ ਇੰਝ ਜਾਪਿਆ ਕਿ ਉਸ ਦੇ ਕੀਤੇ ਲੋਕਾਂ ਨਾਲ ਚੋਣ ਵਾਅਦੇ ਪੂਰੇ ਹੋ ਰਹੇ ਹਨ ਜਿਵੇਂ ਹੀ ਸਟੇਜ ਤੋਂ ਮੰਤਰੀ ਜੀ ਜ਼ਿੰਦਾਬਾਦ ਬੋਲਿਆ ਗਿਆ ਤਾਂ ਇੱਕਠ ਨੇ ਵੀ ਜੋਸ਼ ਨਾਲ ਜਵਾਬ ਦਿੱਤਾ। ਜਿਵੇਂ ਹੀ ਮਾਸਟਰ ਜੀ ਦੇ ਕਹਿਣ ਤੇ ਸਰਪੰਚ ਨੇ ਸਕੂਲ ਵਾਲੀ ਅਰਜ਼ੀ ਮੰਤਰੀ ਜੀ ਦੇ ਅੱਗੇ ਰੱਖੀ ਤਾਂ ਮੰਤਰੀ ਸਾਹਿਬ ਇਹ ਕੰਮ ਅਗਲੀ ਵਾਰ ਦੌਰੇ ਵਿੱਚ ਰੱਖ ਲਵੋ ।
” ਇਹ ਮੇਰਾ ਪਹਿਲਾ ਚੋਣ ਵਾਅਦਾ ਸੀ ਜਨਤਾ ਨਾਲ ਮਾਰੋ ਘੁੱਗੀ ਜੀ ਇਹ ਵੀ ਕੰਮ ਨਿੱਬੜਦਾ ਹੋਵੇ” ਸਰਪੰਚ ਸਾਹਿਬ ਨੇ ਮੰਤਰੀ ਨੂੰ ਕਿਹਾ ਹੈ ।
” ਸਾਰੇ ਕੰਮ ਤੇ ਸਾਰੇ ਚੋਣ ਵਾਅਦੇ ਵੋਟਾਂ ਵੇਲੇ ਪੂਰੇ ਕਰੀਦੇ ਨੇ ਪਹਿਲਾਂ ਜਨਤਾ ਭੁੱਲ ਜਾਂਦੀ ਹੈ, ਇਸ ਨੂੰ ਅਗਲੇ ਦੌਰੇ ਦੌਰਾਨ ਕਰ ਜਾਵਾਗੇ। ਮੰਤਰੀ ਨੇ ਸਰਪੰਚ ਦੇ ਕੰਨ ਚ ਕੀਤਾ।
ਸਰਪੰਚ ਨੇ ਮਾਸਟਰ ਜੀ ਨੂੰ ਕਿਹਾ ਚੱਲੋ ਕੋਈ ਨੀ ਅਗਲੀ ਵਾਰ ਸਹੀ।
” ਸਕੂਲ ਦਾ ਕੀ ਆ ਪਹਿਲਾਂ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਜ਼ਰੂਰੀ ਹੈ ਸਰਪੰਚ ਨੇ ਆਪਣੀਆਂ ਵੋਟਾਂ ਵੀ ਵੇਖਣਾਂ ਜਵਾਕਾਂ ਦਾ ਕੀ ਆ………. ”
ਕੋਲ ਖੜ੍ਹੇ ਬੰਤੇ ਨੇ ਵੀ ਟਿੱਚਰ ਕਰਦੇ ਕਿਹਾ ।
ਸਰਪੰਚ ਨੇ ਬੇਇਜ਼ਤੀ ਜੀ ਮੰਨਦਿਆਂ ਇੱਕ ਲੱਖ ਆਪਣੇ ਕੋਲੋਂ ਤੇ ਕੁੱਝ ਪਿੰਡ ਦੇ ਲੋਕਾਂ ਨੇ ਪੈਸੇ ਇੱਕਠੇ ਕਰ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਨਾਲੋਂ ਪਹਿਲਾਂ ਸਕੂਲ ਦੀ ਛੱਤ ਬਦਲਣ ਦਿੱਤੀ ਤੇ ਰੰਗ ਰੋਗਨ ਕਰਵਾ ਸਮਾਰਟ ਸਕੂਲ ਵਰਗਾ ਬਣਾ ਦਿੱਤਾ । ਇੰਝ ਕਰਦਿਆਂ ਸਰਪੰਚ ਨੇ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਜੋ ਚੋਣਾਂ ਸਮੇਂ ਜਨਤਾ ਨਾਲ ਚੋਣ ਵਾਅਦੇ ਤਾਂ ਕਰਦਿਆਂ ਨੇ ਪਰ ਪੂਰਾ ਇੱਕ ਵੀ ਨੀ ਕਰਦਿਆਂ ।
ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly