ਲੋਕ ਸਭਾ ਚੋਣਾਂ ਲਈ ਆਪਣਾ ਸੰਕਲਪ ਪੱਤਰ ਤਿਆਰ ਕਰਨ ਵਾਸਤੇ ਲੋਕਾਂ ਦੀ ਭਾਈਵਾਲੀ ਤੈਅ ਕਰਨ ਦੇ ਮਕਸਦ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਅੱਜ ‘ਭਾਰਤ ਦੇ ਮਨ ਦੀ ਬਾਤ, ਮੋਦੀ ਦੇ ਨਾਲ’ ਮੁਹਿੰਮ ਸ਼ੁਰੂ ਕੀਤੀ। ਇੱਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ’ਚ ਪਾਰਟੀ ਨੂੰ ਉਸ ਦਾ ਸੰਕਲਪ ਪੱਤਰ (ਐਲਾਨਨਾਮਾ) ਤਿਆਰ ਕਰਨ ’ਚ ਮਦਦ ਕਰਨ ਲਈ ਦੇਸ਼ ਭਰ ’ਚ 10 ਕਰੋੜ ਲੋਕਾਂ ਦੇ ਸੁਝਾਅ ਲਏ ਜਾਣਗੇ। ਸ਼ਾਹ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਘੋਸ਼ਣਾ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਦਾ ਲੋਕਤੰਤਰੀਕਰਨ ਕਰਨਾ ਹੈ ਅਤੇ ਇਸ ਤਜਰਬੇ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ। ਭਾਜਪਾ ਪ੍ਰਧਾਨ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਲੋਕ ਕਿਸ ਤਰ੍ਹਾਂ ਦਾ ਦੇਸ਼ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਦੇ ਕੀ ਸੁਝਾਅ ਹਨ, ਜਾਣਨ ਲਈ ਇਸ ਮੁਹਿੰਮ ਰਾਹੀਂ ਉਨ੍ਹਾਂ ਤੱਕ ਪਹੁੰਚ ਕੀਤੀ ਜਾਵੇਗੀ।’ ਉਨ੍ਹਾਂ ਦੱਸਿਆ ਕਿ ਇਸ ਨਾਲ ਪਾਰਟੀ ਨੂੰ ਨਵੇਂ ਭਾਰਤ ਦਾ ਸੁਫ਼ਨਾ ਸਾਕਾਰ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਵਾਇਦ ਲਈ ਪਾਰਟੀ ਨੇ ਵੈੱਬਸਾਈਟ ਵੀ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਵੱਟਸਐੱਪ, ਈ-ਮੇਲ, ਮਿਸਡ ਕਾਲ ਰਾਹੀਂ ਵੀ ਵਿਚਾਰ ਹਾਸਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਪਾਰਟੀ ਨੇ ਦੇਸ਼ ਭਰ ’ਚ ਵੱਖ ਵੱਖ ਖੇਤਰਾਂ ਲਈ 300 ਰੱਥ ਤਿਆਰ ਕੀਤੇ ਹਨ ਜਿਨ੍ਹਾਂ ਰਾਹੀਂ ਸੁਝਾਅ ਇਕੱਠੇ ਕੀਤੇ ਜਾਣਗੇ। ਪ੍ਰੋਗਰਾਮ ’ਚ ਦੱਸਿਆ ਗਿਆ ਕਿ ਸੰਕਲਪ ਪੱਤਰ ਲਈ ਸੁਝਾਅ ਪ੍ਰਾਪਤ ਕਰਨ ਲਈ ਵੱਖ ਵੱਖ ਵਿਧਾਨ ਸਭਾ ਹਲਕਿਆਂ ’ਚ 7700 ਵੋਟ ਪੇਟੀਆਂ ਰੱਖੀਆਂ ਜਾ ਰਹੀਆਂ ਹਨ ਜਿਨ੍ਹਾਂ ’ਚ ਲੋਕ ਆਪਣੇ ਸੁਝਾਅ ਲਿਖ ਕੇ ਪਾ ਸਕਦੇ ਹਨ। ਇਸ ਦੇ ਨਾਲ ਹੀ ਪਾਰਟੀ ਘਰ-ਘਰ ਸੰਪਰਕ ਨੂੰ ਵੀ ਅੱਗੇ ਵਧਾ ਰਹੀ ਹੈ।
INDIA ਚੋਣ ਮਨੋਰਥ ਪੱਤਰ ਲਈ ਦੇਸ਼ ਵਾਸੀਆਂ ਦੇ ਸੁਝਾਅ ਲਵੇਗੀ ਭਾਜਪਾ