ਚੋਣ ਨਤੀਜਾ ਉਹੀ ਚੰਗਾ ਜੋ ਲੋਕ ਹਿੱਤ ਵਿੱਚ ਹੋਵੇ

  – ਸ਼ਾਮ ਸਿੰਘ ਅੰਗ-ਸੰਗ
ਭਾਰਤ ਅੱਜ-ਕੱਲ੍ਹ ਚੋਣਾਂ ਦੀ ਲਪੇਟ ਵਿੱਚ ਹੈ, ਜਿਸ ਕਰਕੇ ਹਰ ਸੂਬੇ ਦੇ ਲੋਕਾਂ ਦੀ ਆਪਣੀ ਸੋਚ ਹੈ ਅਤੇ ਹਰ ਸਿਆਸੀ ਪਾਰਟੀ ਦੀ ਆਪਣੀ ਵੋਟਾਂ ਮੰਗਣ ਦਾ ਸ਼ੋਰ ਮਚਿਆ ਹੋਇਆ ਹੈ, ਜਿਸ ਵਿੱਚ ਇੱਕ-ਦੂਜੇ ‘ਤੇ ਦੋਸ਼ ਲਾਏ ਜਾ ਰਹੇ ਹਨ, ਪਰ ਮੁੱਦੇ ਨਹੀਂ ਉਠਾਏ ਜਾ ਰਹੇ, ਜਿਸ ਕਾਰਨ ਜਨਤਾ ਦਾ ਮਨੋਰੰਜਨ ਤਾਂ ਹੋ ਰਿਹਾ ਹੈ, ਪਰ ਸਾਫ਼ ਦਿਸ਼ਾ ਕੋਈ ਵੀ ਨਹੀਂ ਦਿਸ ਰਹੀ।
ਅਜੇ ਤਾਂ ਵੋਟਾਂ ਵੋਟਿੰਗ ਮਸ਼ੀਨਾਂ ਵਿੱਚ ਜਾ ਰਹੀਆਂ ਹਨ, ਪਰ ਨਿਕਲਣ ਵਾਲੇ ਨਤੀਜੇ ਦੀ ਲੰਮਾ ਸਮਾਂ ਉਡੀਕ ਕਰਨੀ ਪਵੇਗੀ। ਨਤੀਜਾ ਉਹੀ ਚੰਗਾ ਮੰਨਿਆ ਜਾ ਸਕਦਾ ਹੈ, ਜੋ ਲੋਕਾਂ ਦੇ ਹਿੱਤ ਵਿੱਚ ਹੋਵੇ। ਮਤਲਬ ਕਿ ਉਹ ਪਾਰਟੀਆਂ ਜਿੱਤਣ, ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀਆਂ ਹੋਣ, ਜਨਤਾ ਲਈ ਖੁਸ਼ੀ ਪੈਦਾ ਕਰਨ ਵਾਲੀਆਂ ਹੋਣ ਅਤੇ ਪੂਰੇ ਮੁਲਕ ਵਿੱਚ ਖੁਸ਼ਹਾਲੀ ਹੋਵੇ।
ਹਰ ਖੇਤਰ ਵਿੱਚ ਏਨਾ ਵਿਕਾਸ ਕੀਤਾ ਜਾਵੇ ਕਿ ਦੇਸ਼ ਦੇ ਲੋਕ ਆਪ-ਮੁਹਾਰੇ ਪ੍ਰਸੰਸਾ ਕਰਨ ਲੱਗ ਪੈਣ ਅਤੇ ਦੂਜੇ ਦੇਸ਼ਾਂ ਨਾਲ ਬਰਾਬਰੀ ਕਰਨ ਦਾ ਦਾਅਵਾ ਕੀਤਾ ਜਾ ਸਕੇ। ਚੋਣਾਂ ਸਮੇਂ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੀ ਗੰਭੀਰਤਾ ਨਾਲ ਪੂਰੇ ਕੀਤੇ ਜਾਣ ਅਤੇ ਦਫ਼ਤਰਾਂ ਵਿੱਚ ਇਮਾਨਦਾਰੀ ਦਾ ਮਾਹੌਲ ਕਾਇਮ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਸਕਣ।
ਵੋਟਾਂ ਪਾਉਣ ਲਈ ਬਟਨ ਦਬਾਉਂਦਿਆਂ ਵੋਟਰ ਪਿਛਲੇ ਪੰਜ ਸਾਲਾਂ ਦੌਰਾਨ ਹਰ ਪਾਰਟੀ ਦੀ ਕਾਰਗੁਜ਼ਾਰੀ ਵੱਲ ਜ਼ਰੂਰ ਨਿਗਾਹ ਮਾਰਨਗੇ ਕਿ ਕੀ ਕੀਤਾ ਅਤੇ ਕੀ ਨਹੀਂ ਕੀਤਾ। ਖਾਸ ਕਰ ਹਕੂਮਤ ਕਰਨ ਵਾਲੀ ਪਾਰਟੀ ਦਾ ਕੰਮਕਾਜ ਤਾਂ ਜ਼ਰੂਰ ਦੇਖਣਗੇ। ਉਹ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਕੀ ਖੱਟਿਆ, ਕੀ ਗਵਾਇਆ? ਫੇਰ ਹੀ ਕੋਈ ਨਿਰਣਾ ਲੈਣ ਦੇ ਯੋਗ ਹੋਣਗੇ।
ਜਿਸ ਸਿਆਸੀ ਪਾਰਟੀ ਨੇ ਹਕੂਮਤ ਵਿੱਚ ਹੁੰਦਿਆਂ ਵਾਅਦੇ ਨਾ ਨਿਭਾਏ ਹੋਣ ਅਤੇ ਲੋਕਾਂ ਨੂੰ ਲਾਰਿਆਂ ‘ਤੇ ਟੰਗੀ ਰੱਖਿਆ ਹੋਵੇ, ਉਸ ਨੂੰ ਧੋਖੇਬਾਜ਼ ਗਰਦਾਨਦਿਆਂ ਉਸ ਤੋਂ ਹਰ ਸੂਰਤ ਦੂਰੀ ਬਣਾਈ ਰੱਖਣਗੇ। ਲੋਕਾਂ ਨੂੰ ਉਹ ਸਾਰਾ ਕੁਝ ਚੇਤੇ ਆਵੇਗਾ, ਜਿਹੜਾ ਪੂਰਾ ਨਹੀਂ ਕੀਤਾ ਗਿਆ। ਜਦ ਬੀਤਿਆ ਸਮਾਂ ਧੋਖੇ ਵਿੱਚ ਲੰਘਿਆ ਹੋਵੇ ਤਾਂ ਭਵਿੱਖ ‘ਤੇ ਵੀ ਵਿਸ਼ਵਾਸ ਨਹੀਂ ਹੋ ਸਕਦਾ।
ਲੋਕਾਂ ਦੀਆਂ ਮੰਡਲੀਆਂ ਵਿੱਚ ਨਿੱਤ ਹੁੰਦੀ ਵਿਚਾਰ-ਚਰਚਾ ਵਿੱਚ ਉਸ ਕੁਝ ਨੂੰ ਚੇਤੇ ਕੀਤਾ ਜਾਂਦਾ ਹੈ, ਜੋ ਪੂਰਾ ਨਹੀਂ ਹੋਇਆ। ਹਰ ਸਾਲ ਦੋ ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਹਰ ਭਾਰਤ ਵਾਸੀ ਦੇ ਖਾਤੇ ਵਿੱਚ ਪੰਦਰਾਂ ਲੱਖ ਨਹੀਂ ਆਇਆ, ਕਾਲਾ ਧਨ ਬਾਹਰ ਦਾ ਬਾਹਰ ਹੀ ਰਹਿ ਗਿਆ। ਜੀ ਐੱਸ ਟੀ ਨੇ ਵਪਾਰੀ ਦੇ ਨਾਲ-ਨਾਲ ਆਮ ਲੋਕ ਵੀ ਮਾਰ ਲਏ।
ਭਾਰਤ ਨੂੰ ਹੁਣ ਉਸ ਸਿਆਸੀ ਪਾਰਟੀ ਦੀ ਜ਼ਰੂਰਤ ਨਹੀਂ, ਜੋ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨਾਲ ਜੁਮਲਿਆਂ ਦਾ ਮਜ਼ਾਕ ਕਰੇ ਅਤੇ ਪੂਰੀ ਤਰ੍ਹਾਂ ਹੱਥ ਝਾੜ ਕੇ ਫੇਰ ਚੋਣਾਂ ਦੇ ਮੈਦਾਨ ਵਿੱਚ ਆ ਕੇ ਫੋਕੇ ਦਮਗਜੇ ਮਾਰੇ। ਲੋਕ ਇਹੋ ਜਿਹੀ ਸਿਆਸੀ ਪਾਰਟੀ ‘ਤੇ ਕਿਸੇ ਕੀਮਤ ‘ਤੇ ਮੁੜ ਯਕੀਨ ਨਹੀਂ ਕਰਨਗੇ, ਜਿਸ ਨੇ ਨੋਟਬੰਦੀ ‘ਚ ਦੇਸ਼ ਨੂੰ ਭਰੋਸੇ ‘ਚ ਨਾ ਲਿਆ ਹੋਵੇ, ਸਗੋਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਹੋਣ।
ਭੈਅ, ਨਫ਼ਰਤ, ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕਰਕੇ ਲੋਕਾਂ ਦੇ ਭਾਈਚਾਰੇ ਨੂੰ ਵੰਡ ਕੇ ਰੱਖ ਦਿੱਤਾ ਹੋਵੇ। ਜਾਤ-ਪਾਤ ਨੂੰ ਹਵਾ ਦੇ ਕੇ ਵਰਗ ਵੰਡ ਨੂੰ ਹੋਰ ਜਰ੍ਹਬ ਦਿੱਤੀ ਹੋਵੇ। ਸਰਕਾਰ ਨੇ ਦੇਸ਼ ਭਗਤੀ ਅਤੇ ਦੇਸ਼ ਧਰੋਹੀ ਦੇ ਸਰਟੀਫਿਕੇਟ ਦੇਣ ਦਾ ਕੰਮ ਖਾਹਮਖਾਹ ਆਪਣੇ ਹੱਥ ਲੈ ਲਿਆ ਹੋਵੇ। ਸਭ ਠੀਕ ਨਹੀਂ। ਇੱਥੋਂ ਤੱਕ ਦੇਸ਼ ਦੀ ਪ੍ਰੈੱਸ ਡਰ ਕੇ ਰਹਿ ਗਈ ਹੋਵੇ।
ਹਰ ਸਿਆਸੀ ਪਾਰਟੀ ਜਿੱਤ ਹੋਣ ਦੇ ਦਾਅਵੇ ਕਰ ਰਹੀ ਹੈ ਤਾਂ ਜੋ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ, ਪਰ ਇਹ ਸਭ ਜਾਣਦੇ ਹਨ ਕਿ ਲੋਕ ਸਭਾ ਦੇ ਹਰ ਹਲਕੇ ਵਿੱਚ ਜੇਤੂ ਇੱਕ ਨੇ ਰਹਿਣਾ ਹੈ, ਦੋ ਨੇ ਨਹੀਂ। ਇਸ ਲਈ ਦਾਅਵੇ ਜਿੰਨੇ ਮਰਜ਼ੀ ਕੀਤੇ ਜਾਂਦੇ ਰਹਿਣ, ਪਰ ਨਤੀਜੇ ਓਹੀ ਨਿਕਲਣਗੇ, ਜੋ ਵੋਟਾਂ ਨਾਲ ਲੋਕ ਚਾਹੁੰਣਗੇ। ਲੋਕ ਜੋ ਕਰਨਗੇ, ਚੰਗਾ ਹੀ ਕਰਨਗੇ।
ਹੁਣ ਲੋਕ ਪਹਿਲਾਂ ਨਾਲੋਂ ਵੱਧ ਜਾਗੇ ਹੋਏ ਹਨ ਅਤੇ ਹਕੂਮਤਾਂ ਦੇ ਕਾਰਜਾਂ ਦੀ ਪਰਖ ਪੜਚੋਲ ਕਰਕੇ, ਕਾਰਗੁਜ਼ਾਰੀ ਬਾਰੇ ਵਿਚਾਰ ਚਰਚਾ ਕਰਕੇ ਹੀ ਅੱਗੇ ਕਦਮ ਪੁੱਟਣਗੇ। ਲੱਗਦਾ ਹੈ ਇਸ ਵਾਰ ਦੇ ਨਤੀਜੇ ਚੰਗੇ ਲੋਕਾਂ ਨੂੰ ਮੁਲਕ ਦੀ ਹਕੂਮਤ ਦਾ ਚਾਰਜ ਸੰਭਾਲਣਗੇ, ਕਿਉਂਕਿ ਉਹ ਪੰਜ ਸਾਲ ਦੀ ਖੁਆਰੀ ਨਹੀਂ ਭੁੱਲਣਗੇ।
ਦੇਸ਼ ਦੀ ਪ੍ਰੈੱਸ ਦਾ ਫ਼ਰਜ਼ ਹੈ ਕਿ ਉਹ ਆਪ ਵੀ ਨਿੱਡਰ ਹੋਵੇ ਅਤੇ ਲੋਕਾਂ ਨੂੰ ਵੀ ਭੈਅ ਤੋਂ ਮੁਕਤ ਕਰਨ ਵਾਸਤੇ ਯਤਨ ਕਰੇ ਤਾਂ ਕਿ ਦੇਸ਼ ਵਿੱਚ ਪੈ ਰਹੀਆਂ ਵੋਟਾਂ ਦਾ ਰੁਝਾਨ ਜਨਤਾ ਦੇ ਭਲੇ ਵੱਲ ਤੁਰੇ। ਡਰ ਦੇ ਮਾਹੌਲ ਵਿੱਚ ਲੋਕ ਆਜ਼ਾਦੀ ਨਾਲ ਵੋਟ ਦੀ ਵਰਤੋਂ ਨਹੀਂ ਕਰ ਸਕਦੇ। ਇਸ ਲਈ ਜ਼ਰੂਰੀ ਹੈ ਕਿ ਮਾਹੌਲ ਆਜ਼ਾਦ ਹੋਵੇ।
ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਉੱਥੇ ਹੀ ਮੁੜ ਆ ਗਈ ਕਿ ਚੰਗੇ ਨਤੀਜੇ ਉਹੀ ਹੋਣਗੇ, ਜਿਨ੍ਹਾਂ ਨਾਲ ਜਨਤਾ ਦੀ ਜਿੱਤ ਹੋਵੇ। ਲੋਕਾਂ ਦੀ ਜਿੱਤ ਤਾਂ ਹੀ ਹੋਵੇਗੀ, ਜੇ ਹਕੂਮਤ ਉਨ੍ਹਾਂ ਦੇ ਭਲੇ ਵਾਲੀ ਆਵੇ ਤੇ ਦੇਸ਼ ਨੂੰ ਤਰੱਕੀ ਵੱਲ ਲਿਜਾਵੇ।

ਪੰਜਾਬ ਦਾ ਦ੍ਰਿਸ਼
ਪੰਜਾਬ ਦਾ ਸਿਆਸੀ ਦ੍ਰਿਸ਼ ਅਜੇ ਸਾਫ਼ ਨਹੀਂ। ਕਈ ਹਲਕਿਆਂ ਵਿੱਚ ਅਜੇ ਤੱਕ ਉਥਲ-ਪੁਥਲ ਜਾਰੀ ਹੈ, ਜਿੱਥੇ ਉਮੀਦਵਾਰ ਪੱਕੇ ਨਹੀਂ ਹੋਏ। ਕਈ ਥਾਂ ਨਵੇਂ ਖੜ੍ਹੇ ਕਰ ਦਿੱਤੇ ਗਏ ਅਤੇ ਕਈ ਥਾਂ ਖੜ੍ਹੇ ਕੀਤੇ ਬਿਠਾ ਦਿੱਤੇ ਗਏ। ਸਿਆਸੀ ਗੱਠਜੋੜ ਵੀ ਥਾਂ ਸਿਰ ਨਹੀਂ ਹੋਏ। ਸ਼੍ਰੋਮਣੀ ਅਕਾਲੀ ਦਲ, ਆਪ ਵੰਡੇ ਪਏ ਦਲ ਹਨ, ਜਿਨ੍ਹਾਂ ਦੀ ਪਹਿਲਾਂ ਵਾਲੀ ਸਾਖ ਨਹੀਂ ਰਹੀ। ਸਭ ਤਹਿਸ-ਨਹਿਸ ਹੋ ਗਿਆ। ਜੇ ਕਿਹਾ ਜਾਵੇ ਤਾਂ ਏਹੀ ਹੈ ਕਿ ਵਿਰੋਧੀ ਧਿਰ ਲੀਰੋ-ਲੀਰ ਹੈ ਤੇ ਕੇਵਲ ਕਾਂਗਰਸ ‘ਚ ਤ੍ਰੇੜ ਨਹੀਂ ਆਈ। ਜੇ ਆਈ ਵੀ ਹੈ ਤਾਂ ਘੁਰਕੀ ਨਾਲ ਦਬਾਣ ਦਾ ਕੰਮ ਕੀਤਾ ਜਾ ਰਿਹਾ। ਪੰਜਾਬ ਵਿੱਚ ਵੈਸੇ ਵੀ ਕਾਂਗਰਸ ਦੀ ਸਰਕਾਰ ਹੋਣ ਕਾਰਨ ਇਸ ਪਾਰਟੀ ਦਾ ਹੱਥ ਹੀ ਉੱਪਰ ਰਹੇਗਾ।
ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਦਸ ਸਾਲ ਰਾਜ ਕੀਤਾ, ਪਰ ਕਿਸਾਨਾਂ ਦਾ ਇੱਕ ਪੈਸਾ ਮਾਫ਼ ਨਹੀਂ ਕੀਤਾ। ਹੁਣ ਉਸ ਦੇ ਨੇਤਾ ਕਾਂਗਰਸ ਵੱਲੋਂ ਕਰੋੜਾਂ ਦੇ ਕੀਤੇ ਮੁਆਫ਼ ਕਰਜ਼ੇ ‘ਤੇ ਉਂਗਲ ਉਠਾ ਰਹੇ ਹਨ, ਜਦਕਿ ਉਹ ਇਸ ‘ਤੇ ਬੋਲਣ ਦਾ ਹੱਕ ਹੀ ਨਹੀਂ ਰੱਖਦੇ। ਅਕਾਲੀ ਦਲ ਕਿਸ ਮੂੰਹ ਨਾਲ ਵੋਟਾਂ ਮੰਗੇਗਾ। ਆਪ ਲੀਰੋ-ਲੀਰ ਹੋਣ ਕਾਰਨ ਲੋਕਾਂ ਦੇ ਮਨਾਂ ‘ਚੋਂ ਲਹਿ ਗਈ। ਨਵੇਂ ਕੰਮ ਕਰਨ ਦੇ ਦਾਅਵੇ ਕਰਨ ਵਾਲੀ ਇਸ ਪਾਰਟੀ ਨੇ ਕੁਝ ਨਹੀਂ ਕੀਤਾ। ਇਸ ਪਾਰਟੀ ਦੀ ਆਪਸੀ ਲੜਾਈ ਨੇ ਪੰਜਾਬ ਦੇ ਲੋਕਾਂ ਦਾ ਜਿੱਤਿਆ ਜਤਾਇਆ ਵਿਸ਼ਵਾਸ ਤੋੜ ਕੇ ਰੱਖ ਦਿੱਤਾ। ਪੰਜਾਬ ਏਕਤਾ ਪਾਰਟੀ ਅਜੇ ਤੱਕ ਪੈਰ ਜਮਾਉਣ ਦਾ ਕੰਮ ਹੀ ਕਰ ਰਹੀ ਹੈ, ਜੋ ਲੱਗੇ ਨਹੀਂ। ਅੱਗੇ ਦੇਖੋ ਪੰਜਾਬ ਦੇ ਲੋਕ ਕੀ ਕਰਨਗੇ?

ਕਿਰਪਾਲ ਸਿੰਘ ਕਸੇਲ
ਕਿਰਪਾਲ ਸਿੰਘ ਕਸੇਲ ਪੰਜਾਬੀ ਦੇ ਪਹਿਲੇ ਪਿਆਰਿਆਂ ‘ਚੋਂ ਹੈ, ਜਿਸ ਨੇ ਸ਼ੁਰੂ-ਸ਼ੁਰੂ ਵਿੱਚ ਐੱਮ ਏ ਪੰਜਾਬੀ ਕੀਤੀ। ਬਹੁਤ ਸਾਰੀਆਂ ਮੌਲਿਕ ਸਿਰਜਣਾਵਾਂ ਕੀਤੀਆਂ ਅਤੇ ਨਾਲ ਦੀ ਨਾਲ ਅਨੁਵਾਦ ਦਾ ਕੰਮ ਕੀਤਾ। ਅੱਖਾਂ ਦੀ ਜੋਤ ਜਵਾਨੀ ਵਿੱਚ ਹੀ ਚਲੀ ਗਈ, ਫੇਰ ਵੀ ਜਗਦੀ ਜੋਤ ਵਾਲੇ ਕੰਮ ਕਰਕੇ ਆਪਣਾ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਦਾ ਮਿਆਰ ਵੀ ਪੰਜਾਬੀਆਂ ਦੇ ਮਨਾਂ ਵਿੱਚ ਵਸਾ ਗਏ। ਉਨ੍ਹਾਂ ਦੀ ਸੰਸਾਰ ਯਾਤਰਾ ਪੂਰੀ ਹੋਣ ਨਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤ ਨੂੰ ਬਹੁਤ ਘਾਟਾ ਪਿਆ।

 

ਲਤੀਫ਼ੇ ਦਾ ਚਿਹਰਾ-ਮੋਹਰਾ
ਗਰਭਵਤੀ : ਡਾਕਟਰ ਸਾਹਿਬ ਮੈਂ ਕੀ-ਕੀ ਉਪਾਅ ਕਰਾਂ ਕਿ ਬੱਚਾ ਠੀਕ-ਠਾਕ ਹੀ ਹੋਵੇ।
ਡਾਕਟਰ : ਤੇਰੀ ਸਿਹਤ ਠੀਕ ਹੈ, ਬਸ ਸਿਆਸਤਦਾਨਾਂ ਦੇ ਭਾਸ਼ਣ ਨਾ ਸੁਣਨੇ, ਤਾਂ ਕਿ ਗਪੌੜੀ ਬੱਚੇ ਨੂੰ ਜਨਮ ਦੇਣ ਤੋਂ ਬਚੀ ਰਹੇਂ।

Previous articleਪੰਜਾਬ ਅਤੇ ਚੰਡੀਗੜ੍ਹ ਦੀਆਂ 14 ਸੀਟਾਂ ਲਈ ਨਾਮਜ਼ਦਗੀਆਂ ਅੱਜ ਤੋਂ
Next articleਸਾਧਵੀ ਪ੍ਰੱਗਿਆ ਵੱਲੋਂ ਰਾਮ ਮੰਦਰ ਬਾਰੇ ਵਿਵਾਦਤ ਬਿਆਨ; ਦੂਜਾ ਨੋਟਿਸ ਜਾਰੀ