ਚੋਣ ਜ਼ਾਬਤੇ ਨੇ ਪੰਜਾਬ ਵਿਚ ਸ਼ਾਹਾਨਾ ਸ਼ਾਦੀਆਂ ਦਾ ਰੰਗ ਉਡਾਇਆ

ਤਿੰਨ ਦਿਨ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਰੋਕ;
ਵੈਡਿੰਗ ਪਲੈਨਰਾਂ ਨੂੰ ਥਾਂ ਬਦਲਣ ਦੀਆਂ ਮਿਲ ਰਹੀਆਂ ਨੇ ਬੇਨਤੀਆਂ

ਲੋਕ ਸਭਾ ਚੋਣਾਂ ਲਈ ਲੱਗੇ ਜ਼ਾਬਤੇ ਨੇ ਪੰਜਾਬ ਵਿਚ ਸ਼ਾਹਾਨਾ ਸ਼ਾਦੀਆਂ ਦੇ ਕਾਰੋਬਾਰ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ ਕਿਉਂਕਿ ਪੁਲੀਸ ਦੀ ਮੁਸਤੈਦੀ ਕਾਰਨ ਸ਼ਰਾਬ ਲੈ ਕੇ ਜਾਣੀ ਔਖੀ ਹੋ ਜਾਵੇਗੀ ਜਿਸ ਕਰ ਕੇ ਮੈਰਿਜ ਪੈਲੇਸ ਮਾਲਕਾਂ, ਵੈਡਿੰਗ ਪਲੈਨਰਾਂ ਅਤੇ ਕੇਟਰਰਾਂ ਨੂੰ ਆਰਡਰ ਰੱਦ ਕਰਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਆਖਰੀ ਗੇੜ ਵਿਚ 19 ਮਈ ਨੂੰ ਵੋਟਾਂ ਪੈਣਗੀਆਂ ਅਤੇ ਚੋਣ ਕਮਿਸ਼ਨ ਵਲੋਂ 17 ਤੇ 18 ਮਈ ਤੋਂ ਹੀ ਸ਼ਰਾਬ ਦੀ ਵਿਕਰੀ ’ਤੇ ਰੋਕ ਲਗਾ ਦੇਣ ਦੀ ਆਸ ਹੈ। 19 ਮਈ ਨੂੰ ਐਤਵਾਰ ਪੈਂਦਾ ਹੈ ਤੇ ਇੰਜ ਤਿੰਨ ਦਿਨ ਸ਼ਰਾਬ ਦੀ ਵਿਕਰੀ ’ਤੇ ਰੋਕ ਰਹੇਗੀ।
ਇਸ ਦੇ ਨਾਲ ਹੀ ਚੋਣ ਜ਼ਾਬਤੇ ਦੇ ਮੱਦੇਨਜ਼ਰ ਸ਼ਰਾਬ ਦੀ ਢੋਆ ਢੁਆਈ ਅਤੇ ਨਕਦੀ ਲੈ ਕੇ ਜਾਣੀ ਕਾਫ਼ੀ ਔਖੀ ਹੋ ਜਾਵੇਗੀ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ‘‘ ਜ਼ਾਹਰ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਉਮੀਦਵਾਰ ਸ਼ਰਾਬ ਭੰਡਾਰ ਕਰਨ।’’ ਵੋਟਾਂ ਵਾਲੇ ਦਿਨ ਜਾਂ ਇਸ ਤੋਂ 48 ਘੰਟੇ ਪਹਿਲਾਂ ਸ਼ਰਾਬ ਜਾਂ ਨਕਦੀ ਵੰਡਣੀ ਅਪਰਾਧ ਗਿਣਿਆ ਜਾਂਦਾ ਹੈ।
ਵੈਡਿੰਗ ਪਲੈਨਰ ਜੈਦੀਪ ਨਰੂਲਾ ਨੇ ਕਿਹਾ ‘‘ ਮੈਨੂੰ ਆਪਣੇ ਦੋ ਗਾਹਕਾਂ ਤੋਂ ਵਿਆਹ ਦੀ ਜਗ੍ਹਾ ਤਬਦੀਲ ਕਰਨ ਦੀਆਂ ਬੇਨਤੀਆਂ ਆ ਚੁੱਕੀਆਂ ਹਨ।’’ ਉਨ੍ਹਾਂ ਕਿਹਾ ਕਿ ਇਸ ਨਾਲ ਮੁਕਾਮੀ ਆਰਕੈਸਟਰਾ ਅਤੇ ਫੁੱਲ ਫਲੇਲ ਵੇਚਣ ਵਾਲਿਆਂ ’ਤੇ ਵੀ ਮਾੜਾ ਅਸਰ ਪਵੇਗਾ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਉਨ੍ਹਾਂ ਵੋਟਾਂ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਅਤੇ ਫਿਰ ਗਿਣਤੀ ਵਾਲੇ ਦਿਨ ਲਈ ਪਰਮਿਟ ਦੇਣੇ ਪਹਿਲਾਂ ਹੀ ਰੋਕ ਦਿੱਤੇ ਹਨ। ਜੇ ਚੋਣ ਜ਼ਾਬਤੇ ਦੇ ਐਲਾਨ ਤੋਂ ਪਹਿਲਾਂ ਹੀ ਕੋਈ ਪਰਮਿਟ ਲੈ ਗਿਆ ਹੋਵੇਗਾ ਤਾਂ ਵੀ ਉਹ ਰੱਦ ਸਮਝਿਆ ਜਾਵੇਗਾ।’’
ਇਕ ਕਾਰੋਬਾਰੀ ਨੇ ਦੱਸਿਆ ‘‘ ਮੈਂ 19 ਮਈ ਨੂੰ ਜਲੰਧਰ ਵਿਚ ਮੇਰੀ ਭੈਣ ਦੇ ਵਿਆਹ ਦੀ ਰਿਸੈਪਸ਼ਨ ਰੱਖੀ ਸੀ ਜਦੋਂ ਦੋ ਮਹੀਨੇ ਪਹਿਲਾਂ ਵਿਆਂਦੜ ਜੋੜੀ ਭਾਰਤ ਆਈ ਸੀ। ਉਨ੍ਹਾਂ ਦੀਆਂ ਸਾਰੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ ਅਤੇ ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਡਰਾਈ ਡੇਅ ਹੋਣ ਕਰ ਕੇ ਉਸ ਦਿਨ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ। ਹੋ ਸਕਦੈ ਸਾਨੂੰ ਰਿਸੈਪਸ਼ਨ ਪੰਜਾਬ ਤੋਂ ਬਾਹਰ ਤਬਦੀਲ ਕਰਨੀ ਪਵੇ ਪਰ ਉਸੇ ਦਿਨ ਚੰਡੀਗੜ੍ਹ ਵਿਚ ਵੀ ਵੋਟਾਂ ਪੈਣਗੀਆਂ।’’ ਪੰਜਾਬੀ ਜਿੱਥੇ ਸਾਲ ਵਿਚ 30 ਕਰੋੜ ਬੋਤਲਾਂ ਸੜ੍ਹਾਕ ਜਾਂਦੇ ਹਨ ਉਥੇ ਵਿਆਹਾਂ ਵਿਚ ਸ਼ਰਾਬ ਦੇ ਖੁੱਲ੍ਹੇ ਦੌਰ ਚਲਦੇ ਹਨ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜ ਵਿਚ ਸ਼ਰਾਬ ਦਾ 60 ਫ਼ੀਸਦ ਕਾਰੋਬਾਰ ਸਿਆਸਤਦਾਨਾਂ ਦੇ ਹੱਥਾਂ ਵਿਚ ਹੈ ਅਤੇ ਚੋਣਾਂ ਦੇ ਦਿਨਾਂ ਵਿਚ ਉਹ ਹਵਾ ਦਾ ਰੁਖ਼ ਮੋੜਨ ਲਈ ਸ਼ਰਾਬ ਦਾ ਰੱਜ ਕੇ ਇਸਤੇਮਾਲ ਕਰਦੇ ਹਨ। ਰਾਜ ਦੇ ਮੁੱਖ ਚੋਣ ਅਫ਼ਸਰ ਡਾ. ਕੇ ਐਸ ਰਾਜੂ ਨੇ ਕਿਹਾ ਕਿ ਕੁਝ ਵੀ ਹੋਵੇ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਮਲ ਕਰਨਗੇ ਤੇ ਇਨ੍ਹਾਂ ਮੁਤਾਬਕ ਵਿਸ਼ੇਸ਼ ਦਿਨਾਂ ਨੂੰ ਸ਼ਰਾਬ ਵੇਚਣ ਜਾਂ ਵਰਤਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾਵੇਗੀ।

Previous articleਕੋਟਕਪੂਰਾ ਗੋਲੀ ਕਾਂਡ: ਉਮਰਾਨੰਗਲ ਨੂੰ ਜ਼ਮਾਨਤ ਮਿਲੀ
Next articleਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਕਰਾਰ ਦੇਣ ਬਾਰੇ ਮਤੇ ਉਪਰ ਵਿਚਾਰ ਭਲਕੇ