ਕਮਿਸ਼ਨ ਨਿਰਧਾਰਿਤ ਅਮਲ ਤਹਿਤ ਗਿਣਤੀ ਲਈ ਅੜਿਆ
ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੈੱਮਜ਼) ਵਿੱਚ ਦਰਜ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੀਵੀਪੈਟ ਪਰਚੀਆਂ ਗਿਣੇ ਜਾਣ ਸਬੰਧੀ ਵਿਰੋਧੀ ਪਾਰਟੀਆਂ ਦੀ ਮੰਗ ਅੱਜ ਰੱਦ ਕਰ ਦਿੱਤੀ। ਚੋਣ ਕਮਿਸ਼ਨ ਨੇ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ਵੋਟਾਂ ਦੀ ਗਿਣਤੀ, ਪਹਿਲਾਂ ਨਿਰਧਾਰਿਤ ਅਮਲ ਤਹਿਤ ਹੀ ਹੋਵੇਗੀ ਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਦੀ ਅਗਵਾਈ ਵਿੱਚ ਕਾਂਗਰਸ ਸਮੇਤ 22 ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਦੌਰਾਨ ਈਵੀਐੱਮ ਦੀਆਂ ਵੋਟਾਂ ਤੋਂ ਪਹਿਲਾਂ ਵੀਵੀਪੈਟ ਪਰਚੀਆਂ ਦੀ ਗਿਣਤੀ ਕਰਨ ਅਤੇ ਈਵੀਐਮ ਤੇ ਵੀਵੀਪੈਟ ਦੀਆਂ ਵੋਟਾਂ ਵਿੱਚ ਫ਼ਰਕ ਹੋਣ ’ਤੇ ਪੂਰੇ ਅਸੈਂਬਲੀ ਹਲਕੇ ਦੀਆਂ ਈਵੀਐੇੱਮ ਵੋਟਾਂ ਦਾ ਵੀਵੀਪੈਟ ਪਰਚੀਆਂ ਨਾਲ ਮਿਲਾਣ ਕਰਨ ਦੀ ਮੰਗ ਕੀਤੀ ਸੀ। ਮੌਜੂਦਾ ਪ੍ਰਬੰਧ ਵਿੱਚ ਈਵੀਐੱਮ ਦੀਆਂ ਵੋਟਾਂ ਦਾ ਕਿਸੇ ਵੀ ਪੰਜ ਪੋਲਿੰਗ ਕੇਂਦਰਾਂ ਦੀ ਵੀਵੀਪੈਟ ਪਰਚੀਆਂ ਨਾਲ ਮਿਲਾਣ ਵੋਟਾਂ ਦੀ ਗਿਣਤੀ ਮਗਰੋਂ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਵਿਰੋਧੀ ਪਾਰਟੀਆਂ ਦੀ ਮੰਗ ’ਤੇ ਵਿਚਾਰ ਕਰਨ ਲਈ ਚੋਣ ਕਮਿਸ਼ਨ ਦੀ ਅੱਜ ਹੋਈ ਮੀਟਿੰਗ ਵਿੱਚ 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ, ਪਹਿਲਾਂ ਨਿਰਧਾਰਿਤ ਪ੍ਰਬੰਧ ਤਹਿਤ ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹਰ ਲੋਕ ਸਭਾ ਹਲਕੇ ਲਈ ਵੋਟਾਂ ਦੀ ਗਿਣਤੀ ਦੌਰਾਨ ਈਵੀਐੱਮ ਵਿਚਲੀਆਂ ਵੋਟਾਂ ਦੀ ਗਿਣਤੀ ਮਗਰੋਂ ਉਸ ਹਲਕੇ ਦੇ ਹਰ ਵਿਧਾਨ ਸਭਾ ਹਲਕੇ ਦੇ ਕਿਸੇ ਵੀ ਪੰਜ ਪੋਲਿੰਗ ਕੇਂਦਰਾਂ ਦੀ ਵੀਵੀਪੈਟ ਪਰਚੀਆਂ ਦੀ ਗਿਣਤੀ ਹੋਵੇਗੀ। ਕਮਿਸ਼ਨ ਨੇ ਈਵੀਐਮ ਦੀਆਂ ਵੋਟਾਂ ਤੇ ਵੀਵੀਪੈਟ ਪਰਚੀਆਂ ਫ਼ਰਕ ਆਉਣ ਦੀ ਸਥਿਤੀ ਵਿੱਚ ਸਬੰਧਤ ਅਸੈਂਬਲੀ ਹਲਕੇ ਦੇ ਸਾਰੇ ਪੋਲਿੰਗ ਕੇਂਦਰਾਂ ਦੀਆਂ ਵੀਵੀਪੈਟ ਪਰਚੀਆਂ ਦਾ ਈਵੀਐਮ ਵਿਚਲੀਆਂ ਵੋਟਾਂ ਨਾਲ ਮਿਲਾਣ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ। ਸੂਤਰਾਂ ਮੁਤਾਬਕ ਕਮਿਸ਼ਨ ਦੀ ਇਹ ਦਲੀਲ ਹੈ ਕਿ ਅਜਿਹਾ ਕਰਨ ਨਾਲ ਵੋਟਾਂ ਦੀ ਗਿਣਤੀ ਦਾ ਕੰਮ ਲੰਮਾ ਹੋ ਜਾਏਗਾ। ਲਿਹਾਜ਼ਾ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਨਿਰਧਾਰਿਤ ਅਮਲ ਤਹਿਤ ਹੀ ਵੋਟਾਂ ਦੀ ਗਿਣਤੀ ਕਰਵਾਉਣ ਦਾ ਫੈਸਲਾ ਕੀਤਾ ਹੈ। ਵੋਟਾਂ ਦੀ ਗਿਣਤੀ ਲਈ ਮਿੱਥੇ ਅਮਲ ਤਹਿਤ ਸਭ ਤੋਂ ਪਹਿਲਾਂ ਕੇਂਦਰੀ ਤੇ ਰਾਜ ਪੁਲੀਸ ਬਲ, ਸਸ਼ਸਤਰ ਬਲ ਤੇ ਵਿਦੇਸ਼ਾਂ ਵਿੱਚ ਤਾਇਨਾਤ ਰਾਜਦੂਤਾਂ ਤੇ ਮੁਲਾਜ਼ਮਾਂ (ਸਰਵਿਸ ਵੋਟਰਾਂ) ਵੱਲੋਂ ਡਾਕ ਰਾਹੀਂ ਭੇਜੀਆਂ ਵੋਟਾਂ ਦੀ ਗਿਣਤੀ ਹੋਵੇਗੀ। ਇਸ ਮਗਰੋਂ ਈਵੀਐਮਜ਼ ਵਿਚਲੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤੇ ਬਾਅਦ ਵਿੱਚ ਈਵੀਐਮ ਦੀਆਂ ਵੋਟਾਂ ਦਾ ਵੀਵੀਪੈਟ ਪਰਚੀਆਂ ਨਾਲ ਮਿਲਾਣ ਕੀਤੇ ਜਾਣ ਦੀ ਵਿਵਸਥਾ ਹੈ। ਵੋਟਾਂ ਤੇ ਵੀਵੀਪੈਟ ਪਰਚੀਆਂ ’ਚ ਫ਼ਰਕ ਆਉਣ ਦੀ ਸਥਿਤੀ ਵਿੱਚ ਸਿਰਫ਼ ਮਿਲਾਣ ਵਾਲੇ ਪੋਲਿੰਗ ਕੇਂਦਰ ਵਿੱਚ ਵੀਵੀਪੈਟ ਪਰਚੀਆਂ ਨੂੰ ਹੀ ਅਸਲ ਅੰਕੜਾ ਮੰਨਿਆ ਜਾਂਦਾ ਹੈ।