ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਪਹਿਲੇ ਰੌਂਅ ਵਿੱਚ ਦਿਖੇ, ਜਿਸ ਬਾਰੇ ਲੋਕ ਉਨ੍ਹਾਂ ਤੋਂ ਲੰਬੇ ਸਮੇਂ ਤੋਂ ਉਮੀਦ ਕਰ ਰਹੇ ਸਨ। ਕਰਤਾਰਪੁਰ ਵਿੱਚ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਨੇੜੇ ਕੀਤੀ ਚੋਣ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁਲਵਾਮਾ ’ਤੇ ਵੋਟਾਂ ਮੰਗਣ ਅਤੇ ਬਾਦਲਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਰਗੜੇ ਲਾਏ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਤਿੰਨ ਹਫ਼ਤਿਆਂ ਬਾਅਦ ਚੋਣ ਜ਼ਾਬਤਾ ਖਤਮ ਹੁੰਦੇ ਸਾਰ ਹੀ ਅਗਲੇ ਦਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਦੀ ਮੁੜ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਇਹ ਤਾੜਨਾ ਵੀ ਕੀਤੀ ਕਿ ਬੇਅਦਬੀ ਦਾ ਕੋਈ ਦੋਸ਼ੀ ਵੀ ਨਹੀਂ ਬਚੇਗਾ ਤੇ ਬਾਦਲਾਂ ਨੂੰ ਫੜ ਕੇ ਅੰਦਰ ਕਰਾਂਗੇ।
ਚੋਣ ਰੈਲੀ ਵਿੱਚ ਪਹਿਲੀ ਵਾਰ ਜਨਤਕ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਸਵਾਲ ਕੀਤਾ ਗਿਆ ਕਿ ਕੀ ਅਕਾਲੀ ਤੇ ਕਾਂਗਰਸੀ ਰਲੇ ਹੋਏ ਹਨ? ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੇ ਸਵਾਲ ਪੁੱਛਣ ਲਈ ਆਪਣੀ ਪਰਚੀ ਡੱਬੇ ਵਿਚ ਪਾ ਸਕਦੇ ਸਨ। ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ 700 ਪਰਚੀਆਂ ਪਾ ਕੇ ਸਵਾਲ ਪੁੱਛੇ ਸਨ। ਇਨ੍ਹਾਂ ਵਿਚੋਂ ਸਿਰਫ ਪੰਜ ਤਿੱਖੇ ਸਵਾਲਾਂ ਦੇ ਜਵਾਬ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੀ ਕਚਹਿਰੀ ਵਿੱਚ ਦੇਣੇ ਪਏ ਜਦਕਿ ਬਾਕੀ ਸਵਾਲਾਂ ਦਾ ਜਵਾਬ ਟੈਲੀਫੋਨ ’ਤੇ ਦੇਣ ਦਾ ਭਰੋਸਾ ਦਿੱਤਾ।
ਕਰਤਾਰਪੁਰ ਵਿਚ ਕੀਤੀ ਗਈ ਇਸ ਰੈਲੀ ਦੌਰਾਨ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਅਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਅਤੇ ਹੋਰ ਕਾਂਗਰਸੀ ਲੀਡਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਬੇਅਦਬੀ ਮਾਮਲੇ ਵਿਚ ਸਿਟ ਦੇ ਮੁਖੀ ਵਿਰੁੱਧ ਸ਼ਿਕਾਇਤ ਕੀਤੇ ਜਾਣ ’ਤੇ ਰੱਜ ਕੇ ਭੜ੍ਹਾਸ ਕੱਢੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੀ ਉਨ੍ਹਾਂ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਬੇਅਦਬੀ ਦੀ ਇੱਕ ਵੀ ਪ੍ਰਮੁੱਖ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਮਾਮਲਿਆਂ ਪਿੱਛੇ ਕੌਣ ਸੀ। ਇਸ ਮੌਕੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ, ਵਿਧਾਇਕ ਪਰਗਟ ਸਿੰਘ, ਚੌਧਰੀ ਸੁਰਿੰਦਰ ਸਿੰਘ, ਬਾਵਾ ਹੈਨਰੀ, ਅਵਤਾਰ ਹੈਨਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਹਰਦੇਵ ਸਿੰਘ ਲਾਡੀ, ਜਗਬੀਰ ਸਿੰਘ ਬਰਾੜ, ਸੁਖਵਿੰਦਰ ਸਿੰਘ ਲਾਲੀ, ਬਲਦੇਵ ਸਿੰਘ ਦੇਵ ਤੇ ਬਹੁਤ ਸਾਰੇ ਆਗੂ ਹਾਜ਼ਰ ਸਨ।
HOME ਚੋਣਾਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਸਿਟ ਦੀ ਜ਼ਿੰਮੇਵਾਰੀ ਦਿਆਂਗੇ: ਕੈਪਟਨ