ਸਰਹੱਦੀ ਪਿੰਡ ਚੋਗਾਵਾਂ ਵਿਚ ਅੱਜ ਕੁਝ ਲੋਕਾਂ ਨੇ ਸਬ-ਇੰਸਪੈਕਟਰ ਬਲਦੇਵ ਸਿੰਘ ਦੀ ਕੁੱਟਮਾਰ ਕੀਤੀ। ਉਹ ਆਪਣੇ ਕੁਝ ਸਾਥੀਆਂ ਨਾਲ ਅਮਨਦੀਪ ਸਿੰਘ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰਨ ਲਈ ਆਇਆ ਸੀ। ਦੂਜੀ ਧਿਰ ਨੇ ਦੋਸ਼ ਲਾਇਆ ਕਿ ਸਬ-ਇੰਸਪੈਕਟਰ ਸਰਪੰਚ ਨਿਰਵੈਲ ਸਿੰਘ ਦਾ ਰਿਸ਼ਤੇਦਾਰ ਹੈ, ਜਿਸ ਨਾਲ ਉਨ੍ਹਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਤੇ ਝੂਠਾ ਕੇਸ ਪਾਉਣ ਦਾ ਯਤਨ ਕਰ ਰਿਹਾ ਹੈ।
ਸਬ-ਇੰਸਪੈਕਟਰ ਬਲਦੇਵ ਸਿੰਘ ਤਰਨ ਤਾਰਨ ’ਚ ਪੁਲੀਸ ਥਾਣਾ ਕੱਚਾ ਪੱਕਾ ਵਿਚ ਤਾਇਨਾਤ ਹੈ। ਆਪਣੇ ਬਿਆਨ ’ਚ ਉਸ ਨੇ ਆਖਿਆ ਕਿ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ’ਚ ਪਿੰਡ ਚੋਗਾਵਾਂ ਦੇ ਅਮਨਦੀਪ ਸਿੰਘ ਤੇ ਗਗਨਦੀਪ ਸਿੰਘ ਦੀ ਵੀ ਇਸ ਧੰਦੇ ਵਿਚ ਸ਼ਮੂਲੀਅਤ ਸਬੰਧੀ ਨਾਂ ਆਇਆ ਸੀ। ਇਸੇ ਕਰ ਕੇ ਉਸ ਨੇ ਛਾਪਾ ਮਾਰਿਆ ਸੀ। ਉਸ ਨੇ ਦੱਸਿਆ ਕਿ ਘਰ ਦੇ ਮੈਂਬਰਾਂ ਤੇ ਹੋਰਨਾਂ ਨੇ ਪੁਲੀਸ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਲਗਪਗ ਤਿੰਨ ਘੰਟੇ ਬੰਦੀ ਬਣਾ ਕੇ ਰੱਖਿਆ। ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਦੂਜੇ ਪਾਸੇ, ਅਮਨਦੀਪ ਸਿੰਘ ਨੇ ਆਖਿਆ ਕਿ ਛਾਪਾ ਮਾਰਨ ਆਏ ਮੁਲਾਜ਼ਮ ਨਸ਼ੇ ਵਿਚ ਸਨ। ਆਈਜੀ ਐੱਸਪੀਐੱਸ ਪਰਮਾਰ ਅਤੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦਿਹਾਤੀ ਪੁਲੀਸ ਨੇ ਇਸ ਕੇਸ ਵਿਚ ਲਗਪਗ 20 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਐਸਐਚਓ ਨੂੰ ਲਾਪ੍ਰਵਾਹੀ ਲਈ ਮੁਅੱਤਲ ਕਰ ਦਿੱਤਾ ਹੈ।