ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਥਾਨਕ ਧਨੌਲਾ ਰੋਡ ’ਤੇ ਸਥਿਤ ਲੈਂਡ ਮਾਰਗੇਜ਼ ਬੈਂਕ ਅੱਗੇ ਲਗਾਏ ਧਰਨੇ ਵਿੰਚ ਅੱਜ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਬੈਂਕ ਅਧਿਕਾਰੀਆਂ ਦਾ ਘਿਰਾਓ ਕੀਤਾ। ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੈਂਕ ਕਿਸਾਨਾਂ ਪਾਸੋਂ ਕਰਜ਼ਾ ਦੇਣ ਸਮੇਂ ਜ਼ਮੀਨ ਦੀ ਰਜਿਸਟਰੀ ਬੈਂਕ ਦੇ ਨਾਮ ਕਰਵਾਕੇ ਤੇ ਬਾਕੀ ਬਚਦੀ ਜ਼ਮੀਨ ਦੀ ਗਿਰਦਾਵਰੀ ਤੱਕ ਦੀ ਨਕਲ ਲੈਂਦਾ ਹੈ। ਇੱਥੇ ਹੀ ਵਸ ਨਹੀਂ ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦਿਆਂ ਬੈਂਕ ਖਾਲੀ ਚੈੱਕਾਂ ਵੀ ਲੈਂਦਾ ਹੈ। ਡਿਫਾਲਟਰ ਹੋਣ ’ਤੇ ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ’ਤੇ ਹੀ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਂਦੇ ਹਨ। ਦੂਜੇ ਪਾਸੇ ਹਾਕਮੀ ਟੋਲੇ ਤੇ ਸਿਆਸੀ ਪਾਰਟੀਆਂ ਦੇ ਚਹੇਤਿਆਂ ਸਿਰ ਕਰੋੜਾਂ ਅਰਬਾਂ ਰੁਪਏ ਬਕਾਇਆ ਹੋਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਆਗੂਆਂ ਨੇ ਸਰਕਾਰਾਂ ਦੀ ਇਸ ਦੋਗਲੀ ਨੀਤੀ ਦੀ ਆਲੋਚਨਾ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬੈਂਕ ਨੇ ਕਰਜ਼ਈ ਕਿਸਾਨਾਂ ਤੋਂ ਲਏ ਚੈੱਕ ਤੇ ਹੋਰ ਦਸਤਾਵੇਜ਼ ਰੱਦ ਕਰਕੇ ਵਾਪਸ ਨਾ ਕੀਤੇ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਦੀ ਜਥੇਬੰਦੀਆਂ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਲੈਂਡ ਮਾਰਗੇਜ਼ ਬੈਂਕਾਂ ਦੇ ਸਕੱਤਰ ਅਤੇ ਮੰਤਰੀ ਨੇ ਕਿਸਾਨਾਂ ਤੋਂ ਲਏ ਖਾਲੀ ਚੈੱਕਾਂ ਨੂੰ ਗ਼ੈਰ ਕਾਨੂੰਨੀ ਹੋਣ ਦੀ ਗੱਲ ਕਬੂਲੀ ਸੀ। ਫਿਰ ਇਹ ਚੈੱਕ ਕਿਸਾਨਾਂ ਨੂੰ ਵਾਪਿਸ ਕਿਉਂ ਨਹੀਂ ਕੀਤੇ ਜਾ ਰਹੇ। ਆਗੂਆਂ ਨੇ ਕਿਹਾ ਕਿ ਘਿਰਾਓ ਚੈੱਕ ਵਾਪਸੀ ਤਕ ਜਾਰੀ ਰਹੇਗਾ।
INDIA ਚੈੱਕ ਵਾਪਸ ਕਰਾਉਣ ਲਈ ਕਿਸਾਨ ਸੜਕਾਂ ’ਤੇ ਉਤਰੇ