ਚੇਨੱਈ (ਸਮਾਜਵੀਕਲੀ) – ਇਥੇ ਇਕ ਤਾਮਿਲ ਨਿਊਜ਼ ਚੈਨਲ ਦੇ 25 ਕਾਮੇ ਜਿਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਲ ਹਨ, ਦੇ ਕਰੋਨਾ ਟੈਸਟ ਪਾਜ਼ੇਟਿਵ ਆਏ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰਤ ਸੂਤਰਾਂ ਨੇ ਦਿੱਤੀ। ਸਿਹਤ ਵਿਭਾਗ ਨੇ ਦੱਸਿਆ ਕਿ ਇਸ ਸਬੰਧੀ 90 ਸੈਂਪਲ ਲਏ ਗਏ ਸਨ ਜਿਨ੍ਹਾਂ ’ਚੋਂ ਘੱਟੋ ਘੱਟ 25 ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਆਏ ਹਨ।
ਬੰਗਲੂਰੂ: ਮਹਾਰਾਸ਼ਟਰ ਵਿੱਚ 53 ਪੱਤਰਕਾਰਾਂ ਦੇ ਕੋਵਿਡ-19 ਦੇ ਟੈਸਟ ਪਾਜ਼ੇਟਿਵ ਆਉਣ ਮਗਰੋਂ ਕਰਨਾਟਕ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਗਲੂਰੂ ਵਿੱਚ ਪੱਤਰਕਾਰਾਂ ਲਈ ਸਿਹਤ ਜਾਂਚ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਅਤੇ ਸੂਚਨਾ ਤੇ ਲੋਕ ਸੰਪਰਕ ਕਮਿਸ਼ਨਰ ਨੇ ਸਿਹਤ ਅਤੇ ਲੋਕ ਭਲਾਈ ਕਮਿਸ਼ਨਰ ਨੂੰ ਪੱਤਰਕਾਰਾਂ ਲਈ ਸਿਹਤ ਜਾਂਚ ਕੈਂਪ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਇਕ ਹਜ਼ਾਰ ਪੱਤਰਕਾਰ ਹਨ।ਸਿਹਤ ਕਮਿਸ਼ਨਰ ਨੂੰ ਇਨ੍ਹਾਂ ਦੀ ਸਿਹਤ ਜਾਂਚ ਲਈ ਸਮਾਂ, ਤਰੀਕ ਅਤੇ ਸਥਾਨ ਮੁਕੱਰਰ ਕਰਨ ਦੇ ਨਿਰਦੇਸ਼ ਦਿੱਤੇ ਹਨ।