ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਆਈਪੀਐਲ ਦੇ ਮੈਚ ਵਿੱਚ ਮੰਗਲਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਉਤਰੇਗੀ। ਚੇਨੱਈ ਦਾ ਪੂਰਾ ਧਿਆਨ ਖ਼ਤਰਾਨਕ ਬੱਲੇਬਾਜ਼ ਆਂਦਰੇ ਰੱਸਲ ਦੇ ਬੱਲੇ ਨੂੰ ਬੰਨ੍ਹ ਕੇ ਰੱਖਣ ’ਤੇ ਕੇਂਦਰਿਤ ਹੋਵੇਗਾ। ਬਿਹਤਰੀਨ ਫ਼ਿਰਕੀ ਗੇਂਦਬਾਜ਼ਾਂ ਨਾਲ ਲੈਸ ਦੋਵੇਂ ਟੀਮਾਂ ਵਿਚਾਲੇ ਮੁਕਾਬਲੇ ਵਿੱਚ ਰੱਸਲ ਫ਼ੈਸਲਾਕੁਨ ਸਾਬਤ ਹੋ ਸਕਦਾ ਹੈ। ਦੋਵੇਂ ਚਾਰ ਮੈਚ ਜਿੱਤ ਚੁੱਕੀਆਂ ਹਨ ਅਤੇ ਸ਼ਾਨਦਾਰ ਲੈਅ ਵਿੱਚ ਹਨ। ਇਨ੍ਹਾਂ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਚੋਟੀ ’ਤੇ ਥਾਂ ਬਣਾਉਣ ਉਤੇ ਲੱਗੀਆਂ ਹੋਣਗੀਆਂ।
ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਦੀ ਟੀਮ ਨੇ ਪਿਛਲੇ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬੀ ਨੂੰ ਆਸਾਨੀ ਨਾਲ ਹਰਾਇਆ ਸੀ, ਪਰ ਦਿਨੇਸ਼ ਕਾਰਤਿਕ ਲਈ ਉਸ ਨੂੰ ਰੋਕਣਾ ਸੌਖਾ ਨਹੀਂ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਕੱਲ੍ਹ ਰਾਤ ਰਾਜਸਥਾਨ ਰੌਇਲਜ਼ ਨੂੰ ਹਰਾਇਆ ਹੈ।
ਚੇਨੱਈ ਕੋਲ ਹਰਭਜਨ ਸਿੰਘ, ਇਮਰਾਨ ਤਾਹਿਰ, ਰਵਿੰਦਰ ਜਡੇਜਾ ਵਰਗੇ ਸਪਿੰਨਰ ਹਨ, ਜਿਨ੍ਹਾਂ ਦੀ ਫ਼ਿਰਕੀ ਗੇਂਦਬਾਜ਼ੀ ਵਿੱਚ ਪੰਜਾਬ ਦੀ ਟੀਮ ਉਲਝ ਗਈ ਸੀ। ਦੂਜੇ ਪਾਸੇ ਕੇਕੇਆਰ ਕੋਲ ਕੁਲਦੀਪ ਯਾਦਵ, ਸੁਨੀਲ ਨਾਰਾਇਣ ਅਤੇ ਪੀਯੂਸ਼ ਚਾਵਲਾ ਦੀ ਤਿੱਕੜੀ ਹੈ, ਜਿਸ ਨੇ ਜੈਪੁਰ ਵਿੱਚ ਜੋਸ ਬਟਲਰ ਦੇ ਬੱਲੇ ਨੂੰ ਬੰਨ੍ਹੀਂ ਰੱਖਿਆ ਅਤੇ ਰਾਜਸਥਾਨ ਨੂੰ 139 ਤੋਂ ਵੱਧ ਦੌੜਾਂ ਨਹੀਂ ਬਣਾਉਣ ਦਿੱਤੀਆਂ। ਹੁਣ ਵੇਖਣਾ ਇਹ ਹੋਵੇਗਾ ਕਿ ਚੇਪਕ ਦੀ ਸਵਿੰਗ ਲੈਂਦੀ ਪਿੱਚ ’ਤੇ ਕਿਸ ਟੀਮ ਦੇ ਸਪਿੰਨਰ ਕਮਾਲ ਵਿਖਾਉਂਦੇ ਹਨ। ਸਾਰਿਆਂ ਦੀਆਂ ਨਜ਼ਰਾਂ ਬੱਲੇਬਾਜ਼ਾਂ ’ਤੇ ਵੀ ਹੋਣਗੀਆਂ ਕਿ ਉਹ ਸਪਿੰਨਰਾਂ ਦਾ ਸਾਹਮਣਾ ਕਿਵੇਂ ਕਰਨਗੇ। ਸੁਪਰਕਿੰਗਜ਼ ਲਈ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਰੱਸਲ ਦੇ ਬੱਲੇ ਨੂੰ ਰੋਕਣਾ ਚੁਣੌਤੀ ਹੋਵੇਗੀ। ਰੱਸਲ ਇਸ ਆਈਪੀਐਲ ਵਿੱਚ ਸ਼ਾਨਦਾਰ ਲੈਅ ਵਿੱਚ ਹੈ। ਦੂਜੇ ਪਾਸੇ, ਚੇਨੱਈ ਨੇ ਜ਼ਖ਼ਮੀ ਹੋਏ ਡਵੈਨ ਬਰਾਵੋ ਦੀ ਥਾਂ ਪਿਛਲੇ ਮੈਚ ਵਿੱਚ ਫਾਫ ਡੂ ਪਲੈਸਿਸ ਨੂੰ ਉਤਾਰਿਆ ਹੈ, ਜਿਸ ਨੇ 38 ਗੇਂਦਾਂ ਵਿੱਚ 54 ਦੌੜਾਂ ਬਣਾਈਆਂ ਸਨ।
Sports ਚੇਨੱਈ ਤੇ ਕੋਲਕਾਤਾ ’ਚ ਟੱਕਰ ਅੱਜ