ਜਲੰਧਰ ਆਰਥਿਕ ਕੰਗਾਲੀ ਝੱਲ ਰਹੇ ਨਗਰ ਸੁਧਾਰ ਟਰੱਸਟ ਨੇ ਆਪਣੇ ਚੇਅਰਮੈਨ ਲਈ 20 ਲੱਖ ਦੀ ਨਵੀਂ ਇਨੋਵਾ ਖਰੀਦੀ ਹੈ। ਨਗਰ ਸੁਧਾਰ ਟਰੱਸਟ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਗਹਿਣੇ ਪਈਆਂ ਹਨ ਤੇ ਬੈਂਕਾਂ ਦੀਆਂ ਦੇਣਦਾਰੀਆਂ ਸਿਰ ਚੜ੍ਹੀਆਂ ਹੋਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਦਗੀ ’ਚ ਰਹਿਣ ਦੀਆਂ ਕੀਤੀਆਂ ਗਈਆਂ ਹਦਾਇਤਾਂ ਦੇ ਬਾਵਜੂਦ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਲਈ 20 ਲੱਖ ਦੀ ਇਨੋਵਾ ਖਰੀਦ ਕੇ ਟਰੱਸਟ ’ਤੇ ਨਵਾਂ ਬੋਝ ਲੱਦ ਦਿੱਤਾ ਹੈ। ਹਾਲਾਂਕਿ ਟਰੱਸਟ ਕੋਲ ਪਹਿਲਾਂ ਵੀ ਇਕ ਇਨੋਵਾ ਤੇ ਇਕ ਸਕਾਰਪੀਓ ਗੱਡੀ ਹੈ। ਚਾਰ-ਪੰਜ ਦਿਨ ਪਹਿਲਾਂ ਹੀ ਟਰੱਸਟ ਨੇ ਨਵੀਂ ਗੱਡੀ ਖਰੀਦੀ ਹੈ।