(ਸਮਾਜ ਵੀਕਲੀ)
ਮੈਂ ਚੁੰਨੀ ਪੰਜਾਬਣ ਦੀ,
ਮੇਰੀ ਟੌਹਰ ਨਵਾਬੀ ਹੈ।
ਮੈਨੂੰ ਲੈ ਕੇ ਜੱਚਣ ਸਾਰੀਆਂ,
ਭਾਵੇਂ ਨਨਾਣ ਜਾਂ ਭਾਬੀ ਹੈ।
ਮੈਂ ਚੁੰਨੀ…..
ਸੋਹਣੇ-ਸੋਹਣੇ ਰੰਗ ਲਿਆ ਕੇ,
ਰੰਗਦਾ ਮੈਨੂੰ ਲਲਾਰੀ ਵੀ।
ਕੱਢਦੀ ਮਾਂ ਚੁਬਾਰੇ ਬੈਠੀ,
ਬਾਗ ਕਦੇ ਫੁਲਕਾਰੀ ਵੀ।
ਬੜੇ ਤਰ੍ਹਾਂ ਦੇ ਭਰੇ ਨੇ ਰੰਗ,
ਪੀਲਾ,ਲਾਲ,ਗੁਲਾਬੀ ਹੈ।
ਮੈਂ ਚੁੰਨੀ……
ਕਈ ਲਹਿੰਗੇ ਦੇ ਨਾਲ਼ ਲੈਣ,
ਕਈ ਲੈਂਦੀਆਂ ਪਾ ਸੂਟ ਕੁੜੇ।
ਸੂਟਾਂ ਦੇ ਨਾਲ਼ ਮੇਲ਼ ਉਹਨਾਂ,
ਬਣਾਏ ਹਾਥੀ,ਘੋੜੇ,ਊਠ ਕੁੜੇ।
ਮੇਰੀ ਹੋਂਦ ਪੱਕੀ ਸੱਭਿਆਚਾਰੀ,
ਨਾਲ਼ੇ ਝਲਕ ਪੰਜ-ਆਬੀਂ ਹੈ।
ਮੈਂ ਚੁੰਨੀ…..
ਜਦੋਂ ਪੱਗ ਦੇ ਨਾਲ਼ ਮਿਲਾ ਕੇ,
ਮੈਨੂੰ ਸੋਹਣੀ ਲੈਂਦੀ ਹੈ।
ਰੱਖ ਅੱਖੀਆਂ ਦੇ ਵਿੱਚ ਸ਼ਰਮ ਹਯਾ,
ਉਹ ਬਣ-ਬਣ ਬਹਿੰਦੀ ਹੈ।
‘ਮਨਜੀਤ’ ਮਾਣ ਦੇਵੇ ਜੋ ਮੈਨੂੰ,
ਉਹ ਸੱਚਾ ਪੰਜਾਬੀ ਹੈ।
ਮੈਂ ਚੁੰਨੀ ਪੰਜਾਬਣ ਦੀ,
ਮੇਰੀ ਟੌਹਰ ਨਵਾਬੀ ਹੈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly