ਆਓ ਬੱਚਿਆਂ ਦਾ ਕਿਰਦਾਰ ਸਿਹਤਮੰਦ ਬਣਾਈਏ.

(ਸਮਾਜ ਵੀਕਲੀ)

ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ, ਵਿਕਾਸ ਦਾ ਯੁੱਗ ਹੈ। ਹਰ ਕੋਈ ਅੱਗੇ ਵੱਧ ਰਿਹਾ ਹੈ ਤੇ ਕਈ ਤਾਂ ਦੌੜ ਲਗਾ ਰਹੇ ਹਨ ਕਿ ਜ਼ਮਾਨੇ ਤੋਂ ਅੱਗੇ ਲੰਘਣਾ ਹੈ। ਪਰ ਇਸ ਦੌੜ ਵਿੱਚ ਅਸੀਂ ਐਨੇ ਮਸ਼ਰੂਫ਼ ਹੋ ਗਏ ਹਾਂ ਕਿ ਆਪਣੇ ਅਤੇ ਆਪਣੇ ਬੱਚਿਆਂ ਦੇ ਕਿਰਦਾਰ ਨੂੰ ਭੁੱਲ ਬੈਠੇ ਹਾਂ। ਪਹਿਲਾਂ ਬੱਚੇ ਬਹੁਤੇ ਹੁੰਦੇ ਸੀ ਪਰ ਆਗਿਆਕਾਰੀ ਹੁੰਦੇ ਸੀ , ਸਮਝਦਾਰ ਹੁੰਦੇ ਸੀ, ਮਾਨਵੀਂ ਗੁਣਾਂ ਨਾਲ਼ ਭਰਪੂਰ ਹੁੰਦੇ ਸਨ । ਇਸ ਤੋਂ ਉੱਲਟ ਹੁਣ ਇੱਕ ਜਾਂ ਦੋ ਬੱਚੇ ਹੁੰਦੇ ਹਨ ਪਰ ਉਹਨਾਂ ਵਿੱਚ ਤਹਿਜ਼ੀਬ, ਲਿਆਕਤ ਤੇ ਤਮੀਜ਼ ਘੱਟ ਗਈ ਹੈ।

ਇਸਦੇ ਬਹੁਤ ਸਾਰੇ ਕਾਰਨ ਹਨ। ਤੇ ਸੱਭ ਤੋਂ ਪਹਿਲਾ ਕਾਰਨ ਇਹ ਹੈ ਕਿ ਪਰਿਵਾਰ ਟੁੱਟ ਕੇ ਛੋਟੇ ਹੋ ਗਏ ਹਨ। ਪਹਿਲਾਂ ਦਾਦਾ-ਦਾਦੀ, ਤਾਇਆ- ਤਾਈ, ਚਾਚਾ-ਚਾਚੀ, ਭੂਆ ਆਦਿ ਸਾਰੇ ਇੱਕਠੇ ਰਹਿੰਦੇ ਸਨ। ਦਾਦੀਆਂ- ਨਾਨੀਆਂ ਨੈਤਿਕਤਾ ਨਾਲ਼ ਭਰਪੂਰ ਕਹਾਣੀਆਂ ਸੁਣਾਉਂਦੀਆਂ ਸਨ। ਬੱਚਿਆਂ ਦੇ ਕੋਰੇ ਮਨਾਂ ਤੇ ਇਹ ਕਹਾਣੀਆਂ ਛੱਪ ਜਾਂਦੀਆਂ ਸਨ ਤੇ ਉਹ ਅਨੈਤਿਕਤਾ ਤੋਂ ਹਮੇਸ਼ਾਂ ਦੂਰ ਰਹਿੰਦੇ ਸਨ। ਤਾਏ,ਚਾਚੇ, ਭੂਆ ਆਦਿ ਤੋਂ ਵੀ ਰੱਜਵਾਂ ਪਿਆਰ ਮਿਲ਼ਦਾ ਸੀ। ਕੋਈ ਇੱਕ ਦੂਜੇ ਦੇ ਬੱਚਿਆਂ ਨਾਲ਼ ਕੋਈ ਫ਼ਰਕ ਨਹੀਂ ਕਰਦਾ ਸੀ। ਜਿੱਥੇ ਦਿਲ ਕਰਨਾ ਖਾ ਲੈਣਾ, ਖੇਡ ਲੈਣਾ, ਸੌ ਜਾਣਾ। ਇੱਕ ਦੂਜੇ ਦੇ ਘਰਾਂ ਵਿੱਚ ਬੱਚਿਆਂ ਦੀ ਕੋਈ ਫ਼ਿਕਰ ਨਹੀਂ ਕਰਦਾ ਸੀ। ਘਰ ਦੇ ਮੁਖੀਏ ਦਾ ਸੱਭ ਨੂੰ ਡਰ ਹੁੰਦਾ ਸੀ। ਬੱਚੇ ਸ਼ਰਾਰਤਾਂ ਜ਼ਰੂਰ ਕਰਦੇ ਸਨ ਪਰ ਬਦਤਮੀਜ਼ੀ ਨਹੀਂ ਕਰਦੇ ਸਨ।

ਹੁਣ ਪਰਿਵਾਰ ਬਿਖ਼ਰ ਰਹੇ ਹਨ। ਮਾਂ ਬਾਪ ਨੂੰ ਕੋਈ ਆਪਣੇ ਨਾਲ਼ ਨਹੀਂ ਰੱਖਣਾ ਚਾਹੁੰਦਾ। ਤਾਏ,ਚਾਚੇ ਤਾਂ ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ‘ਕੱਠੇ ਰਹਿੰਦੇ ਹੋਣਗੇ। ਬੇਮਤਲਬ ਦੀਆਂ ਦੁਸ਼ਮਣੀਆਂ ਵਧੀਆਂ ਹਨ। ਅਸੀਂ ਇਹ ਨਹੀਂ ਸੋਚਦੇ ਹਾਂ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਾਡੇ ਬੱਚੇ ਵੀ ਦੇਖ ਰਹੇ ਹਨ ਤੇ ਬੱਚੇ ਹਮੇਸ਼ਾਂ ਸਾਡੀ ਨਕਲ ਕਰਦੇ ਹਨ। ਅਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹਾਂ। ਅਸੀਂ ਜੋ ਵੀ ਕਰਾਂਗੇ ਉਸ ਦਾ ਅਸਰ ਸਾਡੇ ਬੱਚਿਆਂ ਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੈਣਾ ਹੀ ਹੈ। ਪਰ ਅਸੀਂ ਐਨੇ ਮਤਲਬੀ ਹੋ ਗਏ ਹਾਂ ਕਿ ਆਪਣੇ ਮਾਂ ਬਾਪ ਨੂੰ ਨਾਲ਼ ਨਹੀਂ ਰੱਖਣਾ ਚਾਹੁੰਦੇ ਜਾਂ ਉਹਨਾਂ ਨਾਲ਼ ਰਹਿਣਾ ਨਹੀਂ ਚਾਹੁੰਦੇ। ਮੀਆਂ ਬੀਵੀ ਦੋਨੋਂ ਕੰਮਕਾਜ਼ੀ

ਹੋਣ ਕਰਕੇ ਅਸੀਂ ਬਜੁਰਗਾਂ ਦੀ ਸੇਵਾ ਕਰਨ ਤੋਂ ਅਸਮਰਥ ਹਾਂ। ਪਰ ਜੇ ਦੇਖਿਆ ਜਾਵੇ ਤਾਂ ਅਸੀਂ ਬਾਕੀ ਸੱਭ ਕੁੱਝ ਵੀ ਤਾਂ ਮੈਨੇਜ਼ ਕਰਦੇ ਹੀ ਹਾਂ। ਫਿਰ ਮਾਂ ਬਾਪ ਦੀਆਂ ਚਾਰ ਰੋਟੀਆਂ ਸਾਨੂੰ ਕਿਉਂ ਭਾਰੀਆਂ ਲੱਗਦੀਆਂ ਹਨ? ਜੇ ਚਾਹੁਣ ਤਾਂ ਪਤੀ ਪਤਨੀ ਦੋਵੇਂ ਰਲ਼ ਮਿਲ਼ ਕੇ ਸਹਿਯੋਗ ਕਰਕੇ ਮਾਂ ਬਾਪ ਦਾ ਖ਼ਿਆਲ ਰੱਖ ਸਕਦੇ ਹਨ। ਜੇਕਰ ਮਾਂ ਬਾਪ ਜਿਆਦਾ ਬਜ਼ੁਰਗ ਜਾਂ ਕਮਜ਼ੋਰ ਨਹੀਂ ਹਨ ਤਾਂ ਉਹਨਾਂ ਤੋਂ ਪਿਆਰ ਨਾਲ਼ ਛੋਟੇ ਮੋਟੇ ਕੰਮਾਂ ਵਿੱਚ ਮਦਦ ਵੀ ਲਈ ਜਾ ਸਕਦੀ ਹੈ। ਇਸਦੇ ਨਾਲ ਹੀ ਜੇ ਪਤੀ ਪਤਨੀ ਦੋਵੇਂ ਨੌਕਰੀਪੇਸ਼ਾ ਹਨ ਤਾਂ ਘਰ ਵਿੱਚ ਬਜ਼ੁਰਗਾਂ ਦੀ ਹੋਂਦ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇਹ ਬਜ਼ੁਰਗ ਤਾਂ ਘਰ ਦੇ ਜ਼ਿੰਦਰੇ ਹੁੰਦੇ ਹਨ।

ਇਹਨਾਂ ਦੇ ਸਿਰ ਤੇ ਆਪਣੇ ਪਿੱਛੇ ਘਰ ਅਤੇ ਬੱਚਿਆਂ ਦੀ ਫ਼ਿਕਰ ਨਹੀਂ ਰਹਿੰਦੀ। ਜੇ ਇਸਦੇ ਬਦਲੇ ਉਹਨਾਂ ਦੀ ਥੋੜ੍ਹੀ ਜਿਹੀ ਰੋਕ ਟੋਕ ਜਾਂ ਦਖ਼ਲ ਅੰਦਾਜ਼ੀ ਸਹਿ ਵੀ ਲਈਏ ਤਾਂ ਕੀ ਘੱਟ ਜਾਏਗਾ? ਇਸਤੋਂ ਇਲਾਵਾ ਅੱਜਕਲ੍ਹ ਨਿੱਜਵਾਦ ਦੇ ਚੱਲਦਿਆਂ ਜੇਕਰ ਚਾਚੇ ਤਾਇਆਂ ਦਾ ਇੱਕਠੇ ਰਹਿਣਾ ਮੁਨਾਸਿਬ ਨਹੀਂ ਹੈ ਤਾਂ ਵੀ ਆਪਸ ਵਿੱਚ ਪਿਆਰ ਤਾਂ ਰੱਖਿਆ ਜਾ ਹੀ ਸਕਦਾ ਹੈ। ਬੱਚਿਆਂ ਨੂੰ ਇੱਕ ਦੂਜੇ ਦੇ ਘਰਾਂ ਵਿੱਚ ਆਣ ਜਾਣ ਦੀ ਮਨਾਹੀ ਨਹੀਂ ਹੋਣੀ ਚਾਹੀਦੀ। ਛੋਟੀਆਂ ਮੋਟੀਆਂ ਗੱਲਾਂ ਤੋਂ ਅਸੀਂ ਵੱਡੀਆਂ ਵੱਡੀਆਂ ਦੁਸ਼ਮਣੀਆਂ ਪਾਲ਼ ਲੈਂਦੇ ਹਾਂ। ਘਰਬਾਰ ਜ਼ਮੀਨਾਂ ਵੰਡ ਕੇ ਵੀ ਇੱਕ ਦੂਜੇ ਨਾਲ਼ ਖਾਰ ਖਾਂਦੇ ਹਾਂ।

ਅੱਜਕਲ੍ਹ ਮਾਂ ਬਾਪ ਦੋਵਾਂ ਦੇ ਕੰਮਕਾਜੀ ਹੋਣ ਕਰਕੇ ਬੱਚਿਆਂ ਨੂੰ ਬਹੁਤ ਆਜ਼ਾਦੀ ਮਿਲ਼ ਗਈ ਹੈ। ਬਾਕੀ ਫ਼ੋਨ ਤੇ ਟੀ. ਵੀ. ਆਦਿ ਆਧੁਨਿਕ ਸਾਧਨਾਂ ਨੇ ਤਾਂ ਬੇੜਾ ਹੀ ਗ਼ਰਕ ਕਰ ਦਿੱਤਾ ਹੈ। ਹੁਣ ਬੱਚੇ ਇੱਕਲੇ ਰਹਿਣਾ ਹੀ ਪਸੰਦ ਕਰਦੇ ਹਨ। ਓਹ ਕਿਸੇ ਦਾ ਸਾਥ ਨਹੀਂ ਚਾਹੁੰਦੇ।ਬੱਸ ਉਹਨਾਂ ਦੇ ਕੋਲ਼ ਫ਼ੋਨ ਹੋਵੇ। ਉਹ ਆਪਣੀ ਜ਼ਿੰਦਗੀ ਆਪਣੇ ਹੀ ਤਰੀਕੇ ਨਾਲ਼ ਜਿਉਣਾ ਚਾਹੁੰਦੇ ਹਨ। ਕਈ ਵਾਰੀ ਬੜੀ ਹੈਰਾਨੀ ਹੁੰਦੀ ਹੈ ਜਦੋਂ ਪੰਜਵੀਂ, ਛੇਵੀਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਅਜੀਬੋ ਗਰੀਬ ਹਰਕਤਾਂ ਸਾਹਮਣੇ ਆਉਂਦੀਆਂ ਹਨ। ਅਖੇ ਛੇਵੀਂ ਜਮਾਤ ਵਿੱਚ ਪੜ੍ਹਦੇ ਮੁੰਡੇ ਨੇ ਪੰਜਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਨੂੰ ਪ੍ਰੇਮ ਪੱਤਰ ਲਿਖ ਕੇ ਦਿੱਤਾ। ਸੱਤਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਨੇ ਅੱਠਵੀਂ ਜਮਾਤ ਦੇ ਮੁੰਡੇ ਨੂੰ ਤੋਹਫ਼ਾ ਖਰੀਦ ਕੇ ਦਿੱਤਾ। ਦੱਸੋ ਕੀ ਉਮਰ ਤੇ ਕੀ ਹਰਕਤਾਂ! ਇਹ ਸੱਭ ਨੈਤਿਕ ਗਿਰਾਵਟ ਦੀਆਂ ਨਿਸ਼ਾਨੀਆਂ ਨਹੀਂ ਤਾਂ ਹੋਰ ਕੀ ਹੈ!

ਇਸਦੇ ਨਾਲ ਹੀ ਦੱਸਵੀਂ ਜਮਾਤ ਦੇ ਸਿਲੇਬਸ ਵਿੱਚ ਬੱਚਿਆਂ ਨੂੰ ਹੀਰ- ਰਾਂਝਾ, ਸੱਸੀ- ਪੁੰਨੂੰ, ਮਿਰਜ਼ਾ- ਸਾਹਿਬਾਂ ਅਤੇ ਪੂਰਨ ਭਗਤ ਦੇ ਕਿੱਸੇ ਲਗਾਏ ਗਏ ਹਨ। ਮੰਨਿਆ ਕਿ ਇਹ ਕਿੱਸੇ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ। ਪਰ ਇਹ ਬੱਚਿਆਂ ਨੂੰ ਪੜ੍ਹਾ ਕੇ ਅਸੀਂ ਕੀ ਸਿੱਖਿਆ ਦੇ ਰਹੇ ਹਾਂ? ਸਿਲੇਬਸ ਵਿੱਚ ਹੋਣ ਕਰਕੇ ਅਧਿਆਪਕ ਤਾਂ ਪੜ੍ਹਾਉਣਗੇ ਹੀ, ਪਰ ਬੱਚਿਆਂ ਉੱਤੇ ਇਹਨਾਂ ਦਾ ਕੀ ਅਸਰ ਪੈ ਰਿਹਾ ਹੈ, ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਪਿਆਰ ਮੁਹੱਬਤਾਂ ਕਰਨ ਵਾਲੇ ਹੀਰੋ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਕਿਤਾਬਾਂ ਵਿੱਚ ਪੜ੍ਹਿਆ ਤੇ ਪੜ੍ਹਾਇਆ ਜਾਂਦਾ ਹੈ। ਫਿਰ ਉਹ ਇਸ਼ਕ ਮੁਹੱਬਤ ਵਾਲੇ ਰਾਹ ਚੁਣਦੇ ਹਨ ਤੇ ਰਾਂਝੇ ਤੇ ਮਿਰਜ਼ੇ ਵਾਂਗ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਹਨ। ਕੁੜੀਆਂ ਵੀ ਹੀਰ ਜਾਂ ਸੱਸੀ ਬਣਨ ਨੂੰ ਬਹੁਤ ਵਧੀਆ ਸਮਝਦੀਆਂ ਹਨ। ਇੱਕ ਤਾਂ ਅੱਲ੍ਹੜ ਉਮਰ ਤੇ ਉੱਤੋਂ ਇਹ ਸੱਭ….!ਬਹੁਤ ਡੂੰਘਾ ਅਸਰ ਪੈਂਦਾ ਹੈ ਉਹਨਾਂ ਦੇ ਅਣਭੋਲ਼ ਮਨਾਂ ਤੇ।

ਬਾਕੀ ਫ਼ੋਨ ਤੇ ਟੀ. ਵੀ.ਰਹਿੰਦੀ ਕਸਰ ਪੂਰੀ ਕਰ ਦਿੰਦੇ ਹਨ। ਟੀ. ਵੀ. ਤੇ ਸ਼ਰੇਆਮ ਗੰਦਗੀ ਤੇ ਅਨੈਤਿਕਤਾ ਪਰੋਸੀ ਜਾਂਦੀ ਹੈ। ਕਈ ਨਾਟਕ, ਪ੍ਰੋਗਰਾਮ, ਫਿਲਮਾਂ ਪਰਿਵਾਰ ਨਾਲ਼ ਬੈਠ ਕੇ ਦੇਖਣਯੋਗ ਨਹੀਂ ਹੁੰਦੇ। ਹੋਰ ਤਾਂ ਹੋਰ ਕੋਈ ਧਾਰਮਿਕ ਪ੍ਰੋਗਰਾਮ ਵੀ ਦੇਖਦੇ ਹੋਈਏ ਤਾਂ ਗੰਦੀਆਂ ਮੰਦੀਆਂ ਮਸ਼ਹੂਰੀਆਂ ਆ ਜਾਂਦੀਆਂ ਹਨ। ਇਹਨਾਂ ਸੱਭ ਕਾਰਨਾਂ ਕਰਕੇ ਅੱਜਕਲ੍ਹ ਛੋਟੇ-ਛੋਟੇ ਬੱਚੇ ਵੱਡੀਆਂ ਵੱਡੀਆਂ ਹਰਕਤਾਂ ਕਰ ਰਹੇ ਹਨ। ਉਹਨਾਂ ਦੇ ਹੌਂਸਲੇ ਵੱਧ ਗਏ ਹਨ। ‘ਕੱਲੇ ਰਹਿਣ ਕਰਕੇ ਉਹਨਾਂ ਵਿੱਚ ਅਸਮਾਜਿਕਤਾ ਵਧੀ ਹੈ। ਇਸੇ ਲਈ ਬਲਾਤਕਾਰ ਵਧੇ ਹਨ। ਬੱਚਿਆਂ ਵਿੱਚ ਗੁੱਸਾ, ਜ਼ਿੱਦ,ਬੇਸਬਰੀ ਅਤੇ ਬੇਪਰਵਾਹੀ ਆਦਿ ਅਕਸਰ ਵੇਖਣ ਨੂੰ ਮਿਲ਼ਦੇ ਹਨ।

ਇਸ ਸੱਭ ਦਾ ਇਲਾਜ਼ ਇਹੀ ਹੈ ਕਿ ਜਿੰਨਾ ਹੋ ਸਕੇ ਪਰਿਵਾਰ ਨਾਲ਼ ਮਿਲ਼ ਜੁਲ਼ ਕੇ ਰਹੀਏ। ਬਜ਼ੁਰਗਾਂ ਨੂੰ ਨਾਲ਼ ਰੱਖੀਏ ਅਤੇ ਉਹਨਾਂ ਦਾ ਸਤਿਕਾਰ ਕਰੀਏ। ਭੈਣ,ਭਰਾ ਬੇਸ਼ਕ ਵੱਖਰੇ ਰਹਿਣ ਪਰ ਆਪਸੀ ਮੇਲ ਜੋਲ ਬੰਦ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਵੀ ਮਿਲਾਉਂਦੇ ਰਹੀਏ। ਬੱਚਿਆਂ ਲਈ ਵਕਤ ਕੱਢੀਏ। ਉਹਨਾਂ ਦੇ ਚਰਿੱਤਰ ਨੂੰ ਮਜ਼ਬੂਤ ਬਣਾਈਏ। ਸਿਰਫ਼ ਕੁੜੀਆਂ ਨੂੰ ਹੀ ਨਹੀਂ, ਮੁੰਡਿਆਂ ਨੂੰ ਵੀ ਚੰਗੇ ਸੰਸਕਾਰ ਦੇਈਏ। ਉਹਨਾਂ ਨੂੰ ਮੋਬਾਇਲ ਟੀ.ਵੀ. ਆਦਿ ਮਸ਼ੀਨੀ ਦੁਨੀਆਂ ਤੋਂ ਬਾਹਰ ਕੱਢ ਕੇ ਅਸਲੀ ਜ਼ਿੰਦਗੀ ਦਿਖਾਈਏ। ਨਹੀਂ ਤਾਂ ਉਹ ਇਹਨਾਂ ਮਸ਼ੀਨਾਂ ਦੀ ਤਰ੍ਹਾਂ ਭਾਵਨਾਵਾਂ ਤੋਂ ਰਹਿਤ ਹੋ ਜਾਣਗੇ।

ਇਸ ਲਈ ਆਓ ਆਪਣੇ ਬੱਚਿਆਂ ਦੇ ਕਿਰਦਾਰ ਨੂੰ ਸਿਹਤਮੰਦ ਬਣਾਈਏ। ਪਰ ਇਸ ਤੋਂ ਪਹਿਲਾਂ ਸਾਨੂੰ ਆਪਣਾ ਕਿਰਦਾਰ ਵੀ ਸਿਹਤਮੰਦ ਬਣਾਉਣਾ ਪਵੇਗਾ। ਆਪਣੇ ਅੰਦਰੋਂ ਗ਼ੁੱਸਾ, ਈਰਖਾ, ਨਫ਼ਰਤ, ਬੇਈਮਾਨੀ,ਜਲਨ ਆਦਿ ਬੁਰਾਈਆਂ ਨੂੰ ਕੱਢ ਕੇ ਸੁੱਟਣਾ ਹੋਵੇਗਾ। ਤਾਂ ਹੀਂ ਅਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਬਣ ਸਕਦੇ ਹਾਂ। ਇਸ ਲਈ ਆਓ ਆਪਣਾ ਤੇ ਆਪਣੇ ਬੱਚਿਆਂ ਦਾ ਕਿਰਦਾਰ ਸਿਹਤਮੰਦ ਬਣਾਈਏ। ਏਸੇ ਨਾਲ਼ ਸਮਾਜ ਅਤੇ ਦੇਸ਼ ਵੀ ਸਿਹਤਮੰਦ ਬਣੇਗਾ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੁੰਨੀ
Next article“ਨਿਹਾਲਾ”