ਨਵੀਂ ਦਿੱਲੀ- ਸੇਵਾਮੁਕਤ ਹੋ ਰਹੇ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਅਦਾਲਤ ਨੰਬਰ-1 ਵਿੱਚ ਅੱਜ ਆਖਰੀ ਵਾਰ ਬੈਂਚ ਵਿਚ ਬੈਠੇ। ਸਿਖ਼ਰਲੀ ਅਦਾਲਤ ਦੀ ਅਦਾਲਤ ਨੰਬਰ-1 ਭਾਰਤ ਦੇ ਚੀਫ਼ ਜਸਟਿਸ ਦਾ ਅਦਾਲਤੀ ਕਮਰਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨਵੇਂ ਨਿਯੁਕਤ ਕੀਤੇ ਗਏ ਚੀਫ਼ ਜਸਟਿਸ ਐੱਸ.ਏ. ਬੋਬੜੇ ਨਾਲ ਸਿਰਫ਼ ਚਾਰ ਮਿੰਟ ਬੈਂਚ ਵਿੱਚ ਬੈਠੇ। ਇਸ ਦੌਰਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਖੰਨਾ ਨੇ ਬਾਰ ਵੱਲੋਂ ਚੀਫ਼ ਜਸਟਿਸ ਦਾ ਧੰਨਵਾਦ ਕੀਤਾ। ਜਸਟਿਸ ਗੋਗੋਈ ਐਤਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਛੱਡ ਦੇਣਗੇ। ਸਿਖ਼ਰਲੀ ਅਦਾਲਤ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਸਟਿਸ ਗੋਗੋਈ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜ ਘਾਟ ਗਏ। ਉਹ ਪਿਛਲੇ ਸਾਲ 3 ਅਕਤੂਬਰ ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣ ਤੋਂ ਬਾਅਦ ਵੀ ਰਾਜ ਘਾਟ ਗਏ ਸਨ। ਉਸ ਤੋਂ ਬਾਅਦ ਜਸਟਿਸ ਗੋਗੋਈ ਨੇ ਦੇਸ਼ ਭਰ ਦੇ ਹਾਈ ਕੋਰਟਾਂ ਦੇ 650 ਜੱਜਾਂ ਤੇ 15000 ਨਿਆਂਇਕ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਕੇ ਇਤਿਹਾਸ ਘੜ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਕੰਮ ਦੀਆਂ ਚੁਣੌਤੀਆਂ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਅਹਿਦ ਨੂੰ ਹੋਰ ਵਧੇਰੇ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਜੱਜਾਂ ਅਤੇ ਜੁਡੀਸ਼ਲ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਆਪਣੇ ਝੰਡੇ ਨੂੰ ਹੋਰ ਉੱਚਾ ਲਹਿਰਾਉਣ। ਉਨ੍ਹਾਂ ਕਿਹਾ ਕਿ ਇਹ ਸੁਪਰੀਮ ਕੋਰਟ ਦੀ ਜ਼ਰੂਰਤ ਨਹੀਂ ਹੈ ਕਿ ਜੱਜ ਪ੍ਰੈੱਸ ਰਾਹੀਂ ਆਮ ਲੋਕਾਂ ਤੱਕ ਪਹੁੰਚਣ ਪਰ ਕਈ ਵਾਰ ਅਜਿਹੇ ਹਾਲਾਤ ਹੁੰਦੇ ਹਨ ਜੋ ਨਿਯਮਾਂ ਤੋਂ ਹੱਟ ਕੇ ਮੀਡੀਆ ਤੱਕ ਪਹੁੰਚ ਕਰਨੀ ਦੀ ਮੰਗ ਕਰਦੇ ਹਨ। ਪੱਤਰਕਾਰਾਂ ਨੂੰ ਲਿਖੇ ਆਪਣੇ ਤਿੰਨ ਸਫ਼ਿਆਂ ਦੇ ਪੱਤਰ ਵਿੱਚ ਭਾਰਤ ਦੇ ਚੀਫ਼ ਜਸਟਿਸ ਨੇ ਇੰਟਰਵਿਊ ਸਬੰਧੀ ਮੰਗਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਮੰਗ ਅਨੁਸਾਰ ਇਕ-ਇਕ ਨੂੰ ਇੰਟਰਵਿਊ ਦੇਣ ਤੋਂ ਅਸਮਰੱਥ ਹਨ।
HOME ਚੀਫ਼ ਜਸਟਿਸ ਗੋਗੋਈ ਆਖ਼ਰੀ ਵਾਰ ਬੈਂਚ ’ਚ ਬੈਠੇ