ਬੋਗਸ ਵੋਟਾਂ ਦੇ ਮਾਮਲੇ ਵਿਚ ਹੇਠਲੀ ਅਦਾਲਤ ਵੱਲੋਂ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਭਲਕੇ 2 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਫ਼ੈਸਲੇ ਮਗਰੋਂ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਵੱਲੋਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਨਿਰਮਲ ਸਿੰਘ ਧੜੇ ਨੇ ਇਸ ਫ਼ੈਸਲੇ ਨੂੰ ਸੈਸ਼ਨ ਅਦਾਲਤ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਕ ਹਰਜੀਤ ਸਿੰਘ ਸਚਦੇਵਾ ਨਾਂ ਦੇ ਮੈਂਬਰ ਵੱਲੋਂ ਇੱਥੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਅਦਾਲਤ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਸੀ ਕਿ ਵੋਟਰ ਸੂਚੀਆਂ ਵਿਚ ਬੋਗਸ ਵੋਟਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚ ਮਰੇ ਹੋਏ ਵਿਅਕਤੀਆਂ ਦੇ ਨਾਵਾਂ ‘ਤੇ ਬਣੀਆਂ ਗਲਤ ਵੋਟਾਂ ਵੀ ਸ਼ਾਮਲ ਹਨ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਵੇਖਦਿਆਂ ਭਲਕੇ ਦੋ ਦਸੰਬਰ ਨੂੰ ਹੋਣ ਵਾਲੀ ਚੋਣ ‘ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਇਸ ਸਬੰਧੀ ਅਗਲੀ ਸੁਣਵਾਈ 7 ਦਸੰਬਰ ਨੂੰ ਰੱਖੀ ਗਈ ਹੈ।
ਅਦਾਲਤ ਦਾ ਇਹ ਫ਼ੈਸਲਾ ਆਉਣ ਮਗਰੋਂ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੀਵਾਨ ਦੇ ਮੈਂਬਰਾਂ ਨੂੰ ਇੱਕ ਪੱਤਰ ਭੇਜ ਕੇ ਇਸ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਇਸ ਦੌਰਾਨ ਜਨਰਲ ਕਮੇਟੀ ਦੀ ਭਲਕੇ ਹੋਣ ਵਾਲੀ ਇਕੱਤਰਤਾ ਵੀ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀ ਗਈ ਹੈ।
INDIA ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਉੱਤੇ ਅਗਲੇ ਹੁਕਮਾਂ ਤੱਕ ਰੋਕ