ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਵਿਆਪਕ ਖੇਤਰੀ ਆਰਥਿਕ ਸਮਝੌਤੇ (ਆਰਸੀਈਪੀ) ਬਾਰੇ ਕੀਤੇ ਜਾ ਰਹੇ ਤਾਲਮੇਲ ਦਾ ਜਲਦੀ ਕੋਈ ਸਿੱਟਾ ਕੱਢੇ ਜਾਣ ਉੱਤੇ ਜ਼ੋਰ ਦਿੱਤਾ ਹੈ। ਦਸ ‘ਆਸੀਆਨ’ ਮੁਲਕਾਂ ਤੇ ਉਨ੍ਹਾਂ ਦੇ 6 ਸਹਿਯੋਗੀ ਮੁਲਕਾਂ ਵਿਚਾਲੇ ਹੋਣ ਵਾਲੇ ਇਸ ਤਜਵੀਜ਼ਤ ਸਮਝੌਤੇ ਬਾਰੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਚੀਨੀ ਪ੍ਰਧਾਨ ਮੰਤਰੀ ਅੱਜ ‘ਆਸੀਆਨ’ ਮੁਲਕਾਂ ਦੇ ਨੁਮਾਇੰਦਿਆਂ (ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦਾ ਸੰਗਠਨ) ਤੇ ਚੀਨ ਵਿਚਾਲੇ ਸ਼ੁਰੂ ਹੋਈ ਦੁਵੱਲੀ ਗੱਲਬਾਤ ਮੌਕੇ ਸੰਬੋਧਨ ਕਰ ਰਹੇ ਸਨ। ਇਸ ਤੋਂ ਇਲਾਵਾ ਸ਼ਨਿਚਰਵਾਰ ਤੋਂ ‘ਆਸੀਆਨ’ ਸਿਖ਼ਰ ਸੰਮੇਲਨ ਵੀ ਸ਼ੁਰੂ ਹੋ ਚੁੱਕਾ ਹੈ। ਥਾਈਲੈਂਡ ਦੀ ਰਾਜਧਾਨੀ ਵਿਚ ਕਈ ਦੇਸ਼ਾਂ ਦੇ ਆਗੂ ਇਸ ਸਿਖ਼ਰ ਸੰਮੇਲਨ ਲਈ ਇਕੱਤਰ ਹੋਏ ਹਨ। ਅਮਰੀਕਾ ਤੇ ਚੀਨ ਵਿਚਾਲੇ ਜਾਰੀ ‘ਵਪਾਰ ਜੰਗ’ ਦੇ ਮੱਦੇਨਜ਼ਰ ਇਸ ਮੌਕੇ ਖੇਤਰੀ ਮੁਲਕ ਭਾਈਵਾਲੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੀ ਨੇ ਕਿਹਾ ਕਿ ਚੀਨ ਨੂੰ 16 ਮੁਲਕਾਂ ਦੀ ਇਸ ਵਪਾਰਕ ਭਾਈਵਾਲੀ ਤੋਂ ਵੱਡੀਆਂ ਆਸਾਂ ਹਨ। ਇਸ ਦੇ ਦਾਇਰੇ ਵਿਚ ਸੰਸਾਰ ਦੀ ਅੱਧੀ ਆਬਾਦੀ ਤੇ ਆਲਮੀ ਜੀਡੀਪੀ ਦਾ ਤੀਜਾ ਹਿੱਸਾ ਆਵੇਗਾ। ਉਨ੍ਹਾਂ ਆਸ ਜਤਾਈ ਕਿ ਸਮਝੌਤੇ ਨੂੰ ਅੰਤਿਮ ਰੂਪ ਅਗਲੇ ਵਰ੍ਹੇ ਮਿਲੇਗਾ ਜਦੋਂ ਇਸ ਨੂੰ ਸਹੀਬੱਧ ਕੀਤਾ ਜਾਵੇਗਾ। ਮੇਜ਼ਬਾਨ ਮੁਲਕ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓਚਾ ਨੇ ਵੀ ਕਿਹਾ ਹੈ ਕਿ ਆਖ਼ਰੀ ਸਮਝੌਤਾ ਅਗਲੇ ਵਰ੍ਹੇ ਹੀ ਸਿਰੇ ਚੜ੍ਹੇਗਾ। ਇਸ ਸਮਝੌਤੇ ਵਿਚ ਭਾਰਤ ਤੇ ਚੀਨ ਸਣੇ 16 ਮੁਲਕ ਹਿੱਸੇਦਾਰ ਹਨ। ਸ਼ਨਿਚਰਵਾਰ ਨੂੰ ਫ਼ਿਲੀਪਾਈਨਜ਼ ਦੇ ਵਣਜ ਮੰਤਰੀ ਰੇਮਨ ਲੋਪੇਜ਼ ਨੇ ਕਿਹਾ ਸੀ ਕਿ ਇਕ ਮੁਲਕ ਨੂੰ ਛੱਡ ਬਾਕੀ ਸਾਰੇ ਸਮਝੌਤੇ ਲਈ ਸਹਿਮਤ ਹਨ। ਫ਼ਿਲਹਾਲ ਅਮਰੀਕਾ ਦੇ ਨੁਮਾਇੰਦਿਆਂ ਤੇ ਚੀਨ ਵਿਚਾਲੇ ਇਸ ਦੌਰਾਨ ਕੋਈ ਸੰਵਾਦ ਨਹੀਂ ਹੋਇਆ ਹੈ। ਦੋਵਾਂ ਮੁਲਕਾਂ ਵਿਚਾਲੇ ਤਕਰਾਰ ਦਾ ਆਲਮੀ ਆਰਥਿਕਤਾ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਹਾਲਾਂਕਿ ਦੋਵਾਂ ਧਿਰਾਂ ਦੇ ਭਲਕੇ ਪੂਰਬੀ ਏਸ਼ੀਆ ਫੋਰਮ ਮੌਕੇ ਮਿਲਣ ਦੀ ਸੰਭਾਵਨਾ ਹੈ।
HOME ਚੀਨ ਵੱਲੋਂ ਖੇਤਰੀ ਵਪਾਰ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ’ਤੇ ਜ਼ੋਰ